ਮੁੰਬਈ: ਕਾਰਤਿਕ ਆਰਿਅਨ ਦੀ ਫ਼ਿਲਮ ‘ਚੰਦੂ ਚੈਂਪੀਅਨ’ ਦੇ ਰਿਲੀਜ਼ ਹੋਣ ਦੇ ਇੱਕ ਦਿਨ ਮਗਰੋਂ ਅਦਾਕਾਰਾ ਅਨੰਨਿਆ ਪਾਂਡੇ ਅਤੇ ਉਸ ਦੇ ਪਿਤਾ ਚੰਕੀ ਪਾਂਡੇ ਨੂੰ ਇਸ ਫ਼ਿਲਮ ਦੇ ਪ੍ਰੇਰਨਾ ਸਰੋਤ ਰਹੇ ਮੁਰਲੀਕਾਂਤ ਪੇਟਕਰ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਚੰਕੀ ਪਾਂਡੇ ਨੇ ਇੰਸਟਾਗ੍ਰਾਮ ’ਤੇ ਇਸ ਮੁਲਾਕਾਤ ਸਬੰਧੀ ਆਪਣਾ ਅਨੁਭਵ ਦੱਸਦਿਆਂ ਇਸ ਮੁਲਾਕਾਤ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਤਸਵੀਰ ਵਿੱਚ ਚੰਕੀ ਪਾਂਡੇ , ਅਨੰਨਿਆ ਪਾਂਡੇ ਅਤੇ ਮੁਰਲੀਕਾਂਤ ਪੇਟਕਰ ਭਾਵ ਅਸਲੀ ‘ਚੰਦੂ ਚੈਂਪੀਅਨ’ ਨਜ਼ਰ ਆ ਰਹੇ ਹਨ। ਅਨੰਨਿਆ ਪਾਂਡੇ, ਮੁਰਲੀਕਾਂਤ ਪੇਟਕਰ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ ਜਿਸ ਨੇ ਸਲੇਟੀ ਰੰਗ ਦਾ ਗਾਊਨ ਪਹਿਨਿਆ ਹੋਇਆ ਹੈ ਅਤੇ ਮੋਢੇ ’ਤੇ ਇੱਕ ਛੋਟਾ ਬੈਗ ਟੰਗਿਆ ਹੋਇਆ ਹੈ। ਉਸ ਦੇ ਨਾਲ ਹੀ ਨੀਲੀ ਕਮੀਜ਼ ਪਾਈ ਚੰਕੀ ਪਾਂਡੇ ਬੈਠੇ ਹਨ। ਤਸਵੀਰ ’ਚ ਤਿੰਨੋਂ ਜਣਿਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਹੈ। ਤਸਵੀਰ ਦੇ ਨਾਲ ਚੰਕੀ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਅਸਲੀ ਚੰਦੂ ਚੈਂਪੀਅਨ ਸ੍ਰੀ ਮੁਰਲੀਕਾਂਤ ਪੇਟਕਰ ਨਾਲ ਮਿਲ ਕੇ ਬਹੁਤ ਆਨੰਦ ਆਇਆ।’ -ਏਐੱਨਆਈ
‘ਚੰਦੂ ਚੈਂਪੀਅਨ’ ਨੇ ਦੂਜੇ ਦਿਨ 7.7 ਕਰੋੜ ਰੁਪਏ ਕਮਾਏ
ਫ਼ਿਲਮ ‘ਚੰਦੂ ਚੈਂਪੀਅਨ’ ਨੇ ਰਿਲੀਜ਼ ਹੋਣ ਮਗਰੋਂ ਦੋ ਦਿਨਾਂ ਵਿੱਚ 13.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕਬੀਰ ਖ਼ਾਨ ਵੱਲੋਂ ਨਿਰਦੇਸ਼ਤ ਇਹ ਫ਼ਿਲਮ ਭਾਰਤ ਦੇ ਪਹਿਲੇ ਪੈਰਾ-ਓਲੰਪਿਕ ਸੋਨ ਤਗ਼ਮਾ ਜੇਤੂ ਮੁਰਲੀਕਾਂਤ ਪੇਟਕਰ ਦੇ ਜੀਵਨ ’ਤੇ ਆਧਾਰਤ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਣ ’ਤੇ ਫ਼ਿਲਮ ਨੇ 5.40 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫ਼ਿਲਮ ‘ਚੰਦੂ ਚੈਂਪੀਅਨ’ ਸਾਜਿਦ ਨਾਡਿਆਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਅਤੇ ਕਬੀਰ ਖ਼ਾਨ ਫ਼ਿਲਮਜ਼ ਵੱਲੋਂ ਬਣਾਈ ਗਈ ਹੈ। ਨਿਰਮਾਤਾਵਾਂ ਨੇ ਦੱਸਿਆ ਕਿ ਹਿੰਦੀ ਫ਼ਿਲਮ ਨੇ ਦੂਜੇ ਦਿਨ 7.70 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੀ ਕੁੱਲ ਕਮਾਈ 13.10 ਕਰੋੜ ਹੋ ਗਈ ਹੈ। ਫ਼ਿਲਮ ‘ਚੰਦੂ ਚੈਂਪੀਅਨ’ ਵਿੱਚ ਅਦਾਕਾਰ ਕਾਰਤਿਕ ਆਰਿਅਨ , ਵਿਜੈ ਰਾਜ, ਭੁਵਨ ਅਰੋੜਾ ਅਤੇ ਰਾਜਪਾਲ ਯਾਦਵ ਨੇ ਅਹਿਮ ਭੂਮਿਕਾ ਨਿਭਾਈ ਹੈ। -ਪੀਟੀਆਈ