ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੂਨ
ਦਿੱਲੀ ਵਿੱਚ ਜਲ ਸੰਕਟ ਵਿਚਾਲੇ ਜਲ ਮੰਤਰੀ ਆਤਿਸ਼ੀ ਨੇ ਅੱਜ ਕਿਹਾ ਕਿ ਜੇ ਕੇਂਦਰ ਨੇ ਮਾਮਲੇ ਵਿੱਚ ਦਖਲ ਨਾ ਦਿੱਤਾ ਤਾਂ ਮੌਜੂਦਾ ਸਥਿਤੀ ਵਿੱਚ ਸੁਧਾਰ ਨਹੀਂ ਹੋਵੇਗਾ। ਭਾਜਪਾ ਨੂੰ ਹਰਿਆਣਾ ਵਿਚ ਆਪਣੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦਿੱਲੀ ਨੂੰ ਹੋਰ ਪਾਣੀ ਦੇਣ ਲਈ ਕਹਿਣਾ ਚਾਹੀਦਾ ਹੈ।
ਆਤਿਸ਼ੀ ਨੇ ਅੱਜ ਪੁਲੀਸ ਕਮਿਸ਼ਨਰ ਸੰਜੈ ਅਰੋੜਾ ਨੂੰ ਇੱਕ ਪੱਤਰ ਲਿਖ ਕੇ ਕਈ ਪ੍ਰਮੁੱਖ ਪਾਈਪ ਲਾਈਨਾਂ ਦੀ ਸੁਰੱਖਿਆ ਅਤੇ ਗਸ਼ਤ ਲਈ ਅਗਲੇ 15 ਦਿਨਾਂ ਲਈ ਪੁਲੀਸ ਕਰਮਚਾਰੀ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ। ਮੰਤਰੀ ਨੇ ਪੱਤਰ ਵਿੱਚ ਕਿਹਾ ਹੈ ਕਿ ਦਿੱਲੀ ਗੰਭੀਰ ਗਰਮੀ ਅਤੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਆਤਿਸ਼ੀ ਨੇ ਕਿਹਾ, “ਯਮੁਨਾ ਨਦੀ ਵਿੱਚ ਘੱਟ ਪਾਣੀ ਛੱਡਣ ਕਾਰਨ ਪਾਣੀ ਦੀ ਮਾਤਰਾ 70 ਐਮਜੀਡੀ ਤੱਕ ਘੱਟ ਗਈ ਹੈ, ਜਿਸ ਕਾਰਨ ਦਿੱਲੀ ਦੇ ਕਈ ਖੇਤਰ ਜਲ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਪਾਣੀ ਦੀ ਹਰ ਬੂੰਦ ਕੀਮਤੀ ਹੈ।’’
ਉਨ੍ਹਾਂ ਨੇ ਪੁਲੀਸ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਦਿੱਲੀ ਜਲ ਬੋਰਡ ਨੇ ਪਾਣੀ ਦੀ ਵੰਡ ਦੇ ਨੈੱਟਵਰਕ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਹਨ। ਇਹ ਨੈੱਟਵਰਕ ਦਰਿਆ ਵਿੱਚ ਛੱਡੇ ਗਏ ਪਾਣੀ ਨੂੰ ਵਾਟਰ ਟ੍ਰੀਟਮੈਂਟ ਪਲਾਟਾਂ ਤੱਕ ਪਹੁੰਚਾਉਂਦਾ ਹੈ ਅਤੇ ਫਿਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕੀਤਾ ਜਾਂਦਾ ਹੈ। ਆਤਿਸ਼ੀ ਨੇ ਕਿਹਾ, ‘‘ਅਸੀਂ ਇਸ ਕੰਮ ਵਿੱਚ ਮਦਦ ਲੈਣ ਲਈ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੀ ਨਿਗਰਾਨੀ ਵਿੱਚ ਕਈ ਟੀਮਾਂ ਵੀ ਤਾਇਨਾਤ ਕੀਤੀਆਂ ਹਨ।’’
ਆਤਿਸ਼ੀ ਨੇ ਕਿਹਾ, “ਗੜ੍ਹੀ ਮੇਦੂ ਵਿੱਚ ਡੀਟੀਐੱਲ ਸਬ ਸਟੇਸ਼ਨ ਨੇੜੇ ਪਾਈਪ ਲਾਈਨ ਲੀਕ ਹੋ ਗਈ ਸੀ। ਸਾਡੀ ਟੀਮ ਨੇ ਪਤਾ ਲੱਗਾ ਕਿ ਪਾਈਪ ਲਾਈਨ ਵਿੱਚ 375 ਮਿਲੀਮੀਟਰ ਦੇ ਕਈ ਵੱਡੇ ਬੋਲਟ ਅਤੇ 12 ਇੰਚ ਦਾ ਇੱਕ ਬੋਲਟ ਕੱਟਿਆ ਹੋਇਆ ਸੀ ਜੋ ਲੀਕੇਜ ਦਾ ਕਾਰਨ ਬਣ ਰਿਹਾ ਸੀ।’’ ਉਨ੍ਹਾਂ ਕਿਹਾ, ‘‘ਇਸ ਤੋਂ ਪਤਾ ਲੱਗਦਾ ਹੈ ਕਿ ਪਾਈਪ ਲਾਈਨ ਵਿੱਚ ਕੋਈ ਗੜਬੜ ਹੋਈ ਹੈ ਜਾਂ ਇਸ ਵਿੱਚ ਜਾਣਬੁੱਝ ਕੇ ਭੰਨਤੋੜ ਕੀਤੀ ਗਈ ਹੈ।’’ ਆਤਿਸ਼ੀ ਨੇ ਪੁਲੀਸ ਕਮਿਸ਼ਨਰ ਨੂੰ ਅਗਲੇ 15 ਦਿਨਾਂ ਤੱਕ ਦਿੱਲੀ ਦੀ ਪ੍ਰਮੁੱਖ ਪਾਈਪ ਲਾਈਨਾਂ ਦੀ ਸੁਰੱਖਿਆ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਛੇੜਛਾੜ ਕਰਨ ਤੋਂ ਰੋਕਣ ਲਈ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ।
ਆਤਿਸ਼ੀ ਨੇ ਕਮਿਸ਼ਨਰ ਨੂੰ ਲਿਖੇ ਆਪਣੇ ਪੱਤਰ ਵਿੱਚ ਜ਼ਿਕਰ ਕੀਤਾ ਕਿ ਮੇਨਟੇਨੈਂਸ ਟੀਮ ਨੇ ਲੀਕੇਜ ਦੀ ਸਮੱਸਿਆ ਹੱਲ ਕਰਨ ਲਈ ਛੇ ਘੰਟੇ ਕੰਮ ਕੀਤਾ ਜਿਸ ਨਾਲ ਦੱਖਣੀ ਦਿੱਲੀ ਵਿੱਚ ਪਾਣੀ ਦਾ ਸੰਕਟ ਹੋਰ ਵਧ ਗਿਆ। ਦਿੱਲੀ ਪੁਲੀਸ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ, “ਸਾਡੀ ਮੈਨਟੇਨੈਂਸ ਟੀਮ ਨੇ ਲਗਾਤਾਰ ਛੇ ਘੰਟੇ ਕੰਮ ਕੀਤਾ ਅਤੇ ਲੀਕ ਦੀ ਮੁਰੰਮਤ ਕੀਤੀ ਪਰ ਇਸ ਦਾ ਮਤਲਬ ਇਹ ਹੋਇਆ ਕਿ ਸਾਨੂੰ 6 ਘੰਟੇ ਤੱਕ ਪਾਣੀ ਪੰਪ ਕਰਨਾ ਬੰਦ ਕਰਨਾ ਪਿਆ ਅਤੇ ਇਸ ਦੌਰਾਨ 20 ਐੱਮਜੀਡੀ ਪਾਣੀ ਪੰਪ ਕੀਤਾ ਗਿਆ।