ਪੱਤਰ ਪ੍ਰੇਰਕ
ਮਾਨਸਾ, 17 ਜੂਨ
ਲੋਕ-ਰਾਜੋ ਪੰਜਾਬ, ਕਿਰਤੀ ਕਿਸਾਨ ਫ਼ੋਰਮ ਅਤੇ ਸਭਿਆਚਾਰ ਤੇ ਵਿਰਸਾ ਸੰਭਾਲ ਮੰਚ ਵੱਲੋਂ ਪੰਜਾਬ ਦੇ ਲੋਕਾਂ ਨੂੰ ਤਬਾਹੀ ਦੇ ਕਗ਼ਾਰ ’ਤੇ ਪਹੁੰਚ ਚੁੱਕੇ ‘ਚੜ੍ਹਦੇ ਪੰਜਾਬ’ ਦੀ ਹੋਂਦ ਨੂੰ ਬਚਾਉਣ ਦੀ ਅਪੀਲ ਕਰਦਿਆਂ ਪੰਜਾਬ ਦੀਆਂ ਫ਼ਸਲਾਂ ਅਤੇ ਨਸਲਾਂ ਬਚਾਉਣ ਲਈ ਸਿਆਸੀ ਪਾਟੋਧਾੜ ਤੋਂ ਪਿੰਡਾਂ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ।
ਸੇਵਾ ਮੁਕਤ ਆਈਏਐੱਸ ਸਵਰਨ ਸਿੰਘ ਬੋਪਾਰਾਏ, ਡਾ. ਮਨਜੀਤ ਸਿੰਘ ਰੰਧਾਵਾ, ਹਰਿੰਦਰ ਸਿੰਘ ਬਰਾੜ ਅਤੇ ਐਡਵੋਕੇਟ ਗੁਰਸਿਮਰਤ ਸਿੰਘ ਰੰਧਾਵਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਆ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਧਾਰਮਿਕ, ਸਮਾਜਿਕ, ਸਿਆਸੀ ਵਖਰੇਵੇਂ ਅਤੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਇੱਕ ਫ਼ੈਸਲਾਕੁਨ ਹੰਭਲਾ ਮਾਰਨ ਦੀ ਲੋੜ ਹੈ, ਜਿਸ ਨਾਲ ਪੰਜਾਬ ਦਾ ਬਚਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਪੰਜਾਬ ਅਤੇ ਕਿਸਾਨ ਮਾਰੂ ਨੀਤੀਆਂ ਕਾਰਨ ਪੰਜਾਬ ਦੀ ਧਰਤੀ ਰਸਾਇਣਿਕ ਖੇਤੀ ਕਰ ਕੇ ਜ਼ਹਿਰੀਲੀ ਹੋ ਕੇ ਬੰਜਰ ਹੋਣ ਕਿਨਾਰੇ ਹੈ ਅਤੇ ਇਹ ਮਾਰੂ ਖੇਤੀ-ਨੀਤੀ, ਘਾਟੇਵੰਦ ਹੋ ਚੁੱਕੀ ਬੇਹਾਲ ਕਿਰਸਾਨੀ ਦੀ ਆਰਥਿਕ ਮੰਦਹਾਲੀ ਹੀ ਨਿੱਤ ਹੋ ਰਹੀਆਂ ਆਤਮ-ਹੱਤਿਆਵਾਂ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਹੁਣ ਸਿਆਸੀ ਧੜੇਬੰਦੀ ਨਕਾਰਕੇ ਪਿੰਡਾਂ ਦਾ ਏਕਾ ਹੀ ਪੰਜਾਬ ਨੂੰ ਬਚਾਅ ਸਕਦਾ ਹੈ, ਜਦੋਂ ਕਿ ਸਿਆਸੀ ਧਿਰਾਂ ਲੋਕਾਂ ਨੂੰ ਆਪਸ ਵਿੱਚ ਲੜਾਕੇ ਇਸਦਾ ਲਾਹਾ ਲੈਂਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡਾਂ ਵਿੱਚ ਅਕਾਲੀ-ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਹੀ ਹੁੰਦੇ ਸਨ ਅਤੇ ਹੁਣ ਭਾਰਤੀ ਜਨਤਾ ਪਾਰਟੀ ਵੀ ਪਿੰਡਾਂ ਵਿੱਚ ਆਪਣੀ ਸ਼ਾਖ ਬਣਾਉਣ ਲਈ ਰੁੱਝ ਗਈ ਹੈ, ਜਿਸ ਕਰਕੇ ਪਿੰਡਾਂ ਦਾ ਹੋਰ ਨੁਕਸਾਨ ਹੋਣ ਦਾ ਡਰ ਖੜ੍ਹਾ ਹੋ ਗਿਆ ਹੈ।