ਜੂਨ ਮਹੀਨੇ ਪੈ ਰਹੀ ਅੱਤ ਦੀ ਗਰਮੀ ਨੇ ਮਾਲਵਾ ਪੱਟੀ ਦੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਗਰਮੀ ਕਾਰਨ ਬਠਿੰਡਾ ਤੰਦੂਰ ਵਾਂਗ ਤਪਣ ਲੱਗਾ ਹੈ। ਇਸ ਅੱਤ ਦੀ ਗਰਮੀ ਵਿੱਚ ਨਰਮੇ ਦੀ ਫ਼ਸਲ ਬੁਰੀ ਤਰ੍ਹਾਂ ਮੁਰਝਾ ਗਈ ਹੈ, ਪਸ਼ੂ, ਪੰਛੀਆਂ ਦਾ ਬੁਰਾ ਹਾਲ ਹੈ। ਬਠਿੰਡਾ ਦੇ ਮਿਨੀ ਚਿੜੀਆਂ ਘਰ ਵਿੱਚ ਪ੍ਰਬੰਧਕਾਂ ਵੱਲੋਂ ਪਸ਼ੂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਬੀਤੇ ਇੱਕ ਹਫਤੇ ਤੋਂ ਬਠਿੰਡਾ ਦਾ ਤਾਪਮਾਨ 44 ਤੋਂ 45 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਖ਼ੇਤੀਬਾੜੀ ਯੂਨੀਵਰਸਿਟੀ ਦੇ ਖ਼ੇਤਰੀ ਕੈਂਪਸ ਮੁਤਾਬਕ ਸੋਮਵਾਰ ਨੂੰ ਦਿਨ ਦਾ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਦੇ ਮੌਸਮ ਵਿੱਚ ਰਾਹਤ ਭਰੀ ਖ਼ਬਰ ਇਹ ਹੈ ਕਿ ਮੌਸਮ ਵਿਭਾਗ ਨੇ ਇਸ ਹਫ਼ਤੇ ਰਾਜਸਥਾਨ ਨਾਲ ਲੱਗਦੇ ਪੰਜਾਬ ਦੇ ਖੇਤਰ ਵਿੱਚ ਟੁੱਟਵੀਂ ਬਾਰਸ਼ ਅਤੇ ਹਨੇਰੀਆਂ ਚੱਲਣ ਦੀ ਪੇਸ਼ੀਗਨੋਈ ਕੀਤੀ ਹੈ। ਮੌਸਮ ਵਿਗਿਆਨੀ ਬਲਜਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ 18 ਤੋਂ 20 ਜੂਨ ਤੱਕ ਤੇਜ਼ ਹਨੇਰੀ ਨਾਲ ਕਿਤੇ ਕਿਤੇ ਮੀਂਹ ਪੈਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਮੌਨਸੂਨ ਦੇ ਥੋੜਾ ਪੱਛੜ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਗੌਰਤਲਬ ਹੈ ਕਿ ਫਿਲਹਾਲ ਬਠਿੰਡਾ ਸੂਬੇ ਦਾ ਗਰਮ ਸ਼ਹਿਰ ਬਣਿਆ ਹੋਇਆ ਹੈ। ਬਠਿੰਡਾ ਵਿੱਚ ਜਿੱਥੇ ਗਰਮੀ ਨਾਲ ਮੌਤਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਜੂਨ ਮਹੀਨੇ ਦੇ ਮੱਧ ’ਚ ਤਾਪਮਾਨ ਪੱਖੋਂ ਇਨੀ ਦਿਨੀਂ ਰਾਜਸਥਾਨ ਦੇ ਸ਼ਹਿਰ ਜੈਪੁਰ ਅਤੇ ਜੋਧਪੁਰ ਅਤੇ ਬੀਕਾਨੇਰ ਨੂੰ ਟੱਕਰ ਦੇ ਰਿਹਾ ਹੈ। ਦੁਪਹਿਰ ਵੇਲੇ ਸੜਕਾਂ ਤੇ ਸੁੰਨ ਪੱਸਰ ਜਾਂਦੀ ਹੈ। ਸੋਮਵਾਰ ਨੂੰ ਸਾਰਾ ਦਿਨ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਸੂਏ ਕੱਸੀਆਂ ਵਿੱਚ ਤਾਰੀਆਂ ਲਗਾਉਂਦੇ ਰਹੇ। ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਿਹਤ ਵਿਭਾਗ ਵੱਲੋਂ ਬੱਚਿਆਂ ਤੇ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੋਈ ਹੈ।