ਦੇਵਿੰਦਰ ਸਿੰਘ ਜੱਗੀ
ਪਾਇਲ, 17 ਜੂਨ
ਇੱਥੋਂ ਨੇੜਲੇ ਪਿੰਡ ਕਟਾਹਰੀ ਦੇ ਅਕਾਲੀ ਆਗੂ ਤੇ ਸਾਬਕਾ ਸਰਪੰਚ ਨਿੰਦਰਪਾਲ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਪੰਨੂ (53) ਦੀ ਨਹਿਰ ਵਿੱਚੋਂ ਲਾਸ਼ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੰਨੂ ਸਰਕਾਰੀ ਠੇਕੇਦਾਰ ਵਜੋਂ ਕੰਮ ਕਰਦਾ ਸੀ ਜਿਵੇਂ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਭਰਾ ਰਾਜਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੁਲਦੀਪ ਸਿੰਘ ਪੰਨੂ ਠੇਕੇਦਾਰੀ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਉਸ ਦੇ ਭਰਾ ਕੁਲਦੀਪ ਸਿੰਘ ਅਤੇ ਚਾਚੇ ਦਾ ਲੜਕਾ ਜਸਦੀਪ ਸਿੰਘ ਆਪਣੇ ਘਰ ਬੈਠੇ ਆਪਣੀ ਘਰੇਲੂ ਵੰਡ ਦੇ ਸਬੰਧ ਵਿੱਚ ਗੱਲਾਂ ਕਰ ਰਹੇ ਸੀ ਤਾਂ ਜਸਦੀਪ ਸਿੰਘ ਦੇ ਸਹੁਰੇ ਪਰਿਵਾਰ ਵਿੱਚੋਂ ਰਿਸ਼ਤੇਦਾਰ ਆਏ, ਜਿਹਨਾਂ ਆਉਂਦਿਆਂ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਸਾਂਝੇ ਵਿਅਕਤੀ ਰਵਿੰਦਰ ਸਿੰਘ ਨਾਲ ਗੱਲ ਕਰਕੇ ਉਹ ਆਪਣੇ ਘਰਾਂ ਨੂੰ ਚਲੇ ਗਏ। ਫਿਰ ਕੁਝ ਦਿਨ ਬਾਅਦ ਵੰਡ ਸਬੰਧੀ ਇਕੱਠ ਕੀਤਾ ਗਿਆ, ਜਿਸ ਵਿੱਚ ਉਕਤ ਵਿਅਕਤੀ ਸਾਰੇ ਸ਼ਾਮਲ ਸੀ ਜੋ ਉਸ ਦੇ ਭਰਾ ਕੁਲਦੀਪ ਸਿੰਘ ਨੂੰ ਬੁਰਾ ਭਲਾ ਕਹਿਣ ਲੱਗ ਪਏ, ਧਮਕੀਆਂ ਦੇਣ ਲੱਗੇ ਅਤੇ ਉਸ ਦੇ ਭਰਾ ਦੀ ਬੇਇੱਜ਼ਤੀ ਕਰਨ ਲੱਗ ਪਏ। ਉਸ ਤੋਂ ਬਾਅਦ ਉਸ ਦਾ ਭਰਾ ਚੁੱਪ ਰਹਿਣ ਲੱਗ ਪਿਆ ਜੋ 14 ਜੂਨ ਨੂੰ ਘਰੋਂ ਚਲਾ ਗਿਆ ਪਰ ਵਾਪਸ ਨਾ ਆਇਆ ਜਿਸ ਦੀ ਭਾਲ ਕਰਨ ’ਤੇ ਉਸ ਦੀ ਲਾਸ਼ ਜਗੇੜਾ ਗਰਿੱਡ ਪਾਸੋਂ ਨਹਿਰ ਵਿੱਚੋਂ ਮਿਲੀ। ਪੁਲੀਸ ਨੇ ਉੱਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਅੱਜ ਕੁਲਦੀਪ ਸਿੰਘ ਦਾ ਸੇਜਲ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ।