ਪੱਤਰ ਪ੍ਰੇਰਕ
ਜਗਰਾਉਂ, 17 ਜੂਨ
ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਵਲੋਂ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਅਗਵਾਈ ਹੇਠ ਸੰਸਥਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਵਿਚ ਉੱਘੇ ਪੱਤਰਕਾਰ ਅਤੇ ਸਾਹਿਤਕਾਰ ਐੱਸ ਅਸ਼ੋਕ ਭੌਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਨਾਵਲਕਾਰ ਮਿੱਤਰ ਸੈਨ ਮੀਤ, ਆਲੋਚਕ ਡਾ. ਸੁਰਜੀਤ ਬਰਾੜ, ਗੀਤਕਾਰ ਅਮਰੀਕ ਤਲਵੰਡੀ, ਹਰਚਰਨ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭਾ ਦੀ ਕਾਰਵਾਈ ਬਾਰੇ ਦੱਸਿਆ ਅਤੇ ਪ੍ਰਧਾਨ ਗਗੜਾ ਨੇ ਜੀ ਆਇਆਂ ਕਿਹਾ। ਸੰਸਥਾ ਦੇ ਮੈਂਬਰਾਂ ਅਤੇ ਮਹਿਮਾਨਾਂ ਨੇ ਸਭ ਤੋਂ ਪਹਿਲਾਂ ਡਾ. ਅਮਨ ਅੱਚਰਵਾਲ ਦੇ ਦੂਜੇ ਕਾਵਿ ਸੰਗ੍ਰਹਿ ‘ਲੀਹਾਂ’ ਨੂੰ ਲੋਕ ਅਰਪਣ ਕੀਤਾ। ਇਸ ਉਪਰੰਤ ਅਦੀਬਾਂ ਵੱਲੋਂ ਐੱਸ. ਅਸ਼ੋਕ ਭੌਰਾ ਦਾ ਸਨਮਾਨ ਕੀਤਾ ਗਿਆ ਅਤੇ ਸਨਮਾਨ ਪ੍ਰਾਪਤ ਕਰਨ ਉਪਰੰਤ ਭੌਰਾ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਸਾਹਿਤ ਤੋਂ ਪਾਸਾ ਵੱਟ ਕੇ ਅਸੀਂ ਮੌਜੂਦਾ ਸਮੇਂ ’ਚ ਇਖ਼ਲਾਕੀ ਤੌਰ ’ਤੇ ਰਿਸ਼ਤਿਆਂ ਤੋਂ ਟੁੱਟ ਰਹੇ ਹਾਂ ਜੋ ਚਿੰਤਾ ਦਾ ਵਿਸ਼ਾ ਹੈ।