ਬਲਵਿੰਦਰ ਰੈਤ
ਨੂਰਪੁਰ ਬੇਦੀ, 18 ਜੂਨ
ਇਲਾਕੇ ਵਿੱਚ ਚੋਰੀ ਹੋ ਰਹੇ ਪੰਚਾਇਤੀ ਝੋਟਿਆਂ ਦੇ ਮਾਮਲੇ ਵਿੱਚ ਅੱਜ ਇਲਾਕੇ ਦੇ ਲੋਕਾਂ ਦੀ ਵਿਸ਼ੇਸ਼ ਇਕੱਤਰਤਾ ਨੂਰਪੁਰ ਬੇਦੀ ਪੁਲੀਸ ਸਟੇਸ਼ਨ ਵਿੱਚ ਹੋਈ। ਸਥਾਨਕ ਥਾਣਾ ਮੁਖੀ ਨਾਲ ਝੋਟੇ ਚੋਰੀ ਦੇ ਮਾਮਲੇ ਦੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਗਈ। ਸਮਾਜ ਸੇਵੀ ਡਾਕਟਰ ਦਵਿੰਦਰ ਬਜਾੜ ਤੇ ਪੰਜਾਬ ਮੋਰਚੇ ਦੇ ਕੌਮੀ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਥਾਣਾ ਮੁਖੀ ਵੱਲੋਂ ਦੱਸਿਆ ਗਿਆ ਕਿ ਉਕਤ ਮਾਮਲੇ ਵਿੱਚ ਪੁਲੀਸ ਵੱਲੋਂ ਚੋਰਾਂ ਦੀ ਤਲਾਸ਼ ਲਈ ਸ਼ੱਕੀ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 25 ਤੋਂ ਵੱਧ ਪਿੰਡਾਂ ਦੇ ਝੋਟੇ ਚੋਰੀ ਹੋਣ ਦੇ ਮਾਮਲੇ ’ਚ ਪੁਲੀਸ ਪ੍ਰਸ਼ਾਸਨ ਆਪਣੇ ਪੱਧਰ ’ਤੇ ਕਾਰਵਾਈ ਕਰ ਰਿਹਾ ਹੈ। ਭਲਕੇ ਤੋਂ ਸਬੰਧਿਤ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਡੀਜੀਪੀ ਗੌਰਵ ਯਾਦਵ ਤੇ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਕੇ ਦੇ ਵੱਖ-ਵੱਖ ਐਗਜ਼ਿਟ ਪੁਆਇੰਟਾਂ ਤੋਂ ਪਹਿਲਾਂ ਵਿਸ਼ੇਸ਼ ਨਾਕੇਬੰਦੀ ਕਰਨ ਦੀ ਮੰਗ ਰੱਖੀ ਹੈ। ਪਹਿਲੀ ਜੁਲਾਈ ਨੂੰ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਵੱਡਾ ਇਕੱਠ ਰੱਖਿਆ ਗਿਆ ਹੈ।