ਜਸਵੰਤ ਜੱਸ
ਫਰੀਦਕੋਟ, 18 ਜੂਨ
ਪਿੰਡ ਦੀਪ ਸਿੰਘ ਵਾਲਾ ਵਿੱਚ ਜ਼ਮੀਨੀ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਅਚਾਨਕ ਲੜਾਈ ਹੋ ਗਈ ਜਿਸ ਵਿੱਚ ਇੱਕ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹਨ। ਸਾਦਿਕ ਪੁਲੀਸ ਨੇ ਦੋਹਾਂ ਧਿਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਕੁੱਲ 30 ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 325, 323, 341 ਅਤੇ 452 ਤਹਿਤ ਪਰਚਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸੂਚਨਾ ਅਨੁਸਾਰ ਜ਼ਖ਼ਮੀ ਵਿਅਕਤੀ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਕਿਸਾਨ ਗੁਰਮੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਜਗਸੀਰ ਸਿੰਘ, ਹਰਜੀਤ ਸਿੰਘ, ਯਾਦਵਿੰਦਰ ਸਿੰਘ, ਅਰਸ਼ਦੀਪ ਅਤੇ ਭੁਪਿੰਦਰ ਸਿੰਘ ਨੇ ਅਦਾਲਤ ਦਾ ਸਟੇਅ ਹੋਣ ਦੇ ਬਾਵਜੂਦ ਧੱਕੇ ਨਾਲ ਉਸ ਦੀ ਜ਼ਮੀਨ ਦੀ ਵੱਟ ਵਾਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸਨੇ ਰੋਕਿਆ ਤਾਂ ਉਕਤ ਵਿਅਕਤੀ ਉਸ ਦੇ ਗਲ ਪੈ ਗਏ ਅਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਹਰਜੀਤ ਸਿੰਘ ਨੇ ਦੋਸ਼ ਲਾਇਆ ਕਿ ਗੁਰਮੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਵੱਟ ਦੇ ਝਗੜੇ ਨੂੰ ਲੈ ਕੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਉਸ ਦੇ ਘਰ ਆ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਟਰੈਕਟਰ ਦੀ ਭੰਨ-ਤੋੜ ਕਰ ਦਿੱਤੀ। ਪੁਲੀਸ ਨੇ ਦੋਹਾਂ ਧਿਰਾਂ ਦੇ ਬਿਆਨ ਉੱਪਰ ਜਗਸੀਰ ਸਿੰਘ, ਹਰਜੀਤ ਸਿੰਘ, ਯਾਦਵਿੰਦਰ ਸਿੰਘ, ਜਗਦੀਪ ਸਿੰਘ, ਬਖਸ਼ੀਸ਼ ਸਿੰਘ, ਜਸਵਿੰਦਰ ਸਿੰਘ, ਨਿਸ਼ਾਨ ਸਿੰਘ, ਅੰਮ੍ਰਿਤ ਸਿੰਘ, ਵਿਕਰਮ ਸਿੰਘ, ਬੀਰਾ ਸਿੰਘ, ਜਸ਼ਨ ਸਿੰਘ, ਅਰਸ਼ਦੀਪ ਸਿੰਘ ਅਤੇ ਨਿਰਮਲ ਸਿੰਘ ਆਦਿ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।