ਪੱਤਰ ਪ੍ਰੇਰਕ
ਭੁੱਚੋ ਮੰਡੀ, 18 ਜੂਨ
ਪਿੰਡ ਭੁੱਚੋ ਖੁਰਦ ਵਿੱਚ ਜਲ ਘਰ ਤੋਂ ਗੰਦਾ ਪਾਣੀ ਸਪਲਾਈ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਦੁਧਾਰੂ ਪਸ਼ੂਆਂ ਅਤੇ ਘਰੇਲੂ ਜ਼ਰੂਰਤਾਂ ਲਈ ਸ਼ੁੱਧ ਪਾਣੀ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਗਿਆ ਹੈ।
ਇਸ ਮੌਕੇ ਭਾਕਿਯੂ ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਚੰਦ ਸਿੰਘ, ਜਰਨੈਲ ਸਿੰਘ, ਭਾਕਿਯੂ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਅਤੇ ਮੰਦਰ ਸਿੰਘ ਨਾਗਰ, ਸਾਬਕਾ ਪੰਚ ਬਚਿੱਤਰ ਸਿੰਘ, ਬਾਬੂ ਸਿੰਘ ਅਤੇ ਤੇਜਾ ਸਿੰਘ ਅਤੇ ਪੰਚ ਬਲਵੀਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਘਰਾਂ ਵਿੱਚ ਸੀਵਰੇਜ ਦੇ ਪਾਣੀ ਦੇ ਰਲੇਵੇਂ ਵਾਲਾ ਪਾਣੀ ਸਪਲਾਈ ਹੋਇਆ ਹੈ। ਉਸ ਵਿੱਚੋਂ ਬੁਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਘਰੇਲੂ ਜ਼ਰੂਰਤਾਂ ਲਈ ਸ਼ੁੱਧ ਪਾਣੀ ਦਾ ਦੂਰ ਦੁਰਾਡੇ ਤੋਂ ਪ੍ਰਬੰਧ ਕਰਨਾ ਪਿਆ ਹੈ। ਇਸ ਨਾਲ ਉਨ੍ਹਾਂ ਦੀ ਖੱਜਲ ਖੁਆਰੀ ਵਧ ਗਈ ਹੈ ਅਤੇ ਜ਼ਰੂਰੀ ਕੰਮ ਛੱਡ ਕੇ ਪਾਣੀ ਦੇ ਪ੍ਰਬੰਧ ਕਰਨੇ ਪੈ ਰਹੇ ਹਨ। ਉਨ੍ਹਾਂ ਸਪਲਾਈ ਹੋਇਆ ਗੰਦਾ ਪਾਣੀ ਦਿਖਾਉਂਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਰਾਂ ਵਿੱਚ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇ।