ਪੱਤਰ ਪ੍ਰੇਰਕ
ਕਾਲਾਂਵਾਲੀ, 18 ਜੂਨ
ਹਰਿਆਣਾ ਪੀਡਬਲਿਊਡੀ ਕਰਮਚਾਰੀ ਸੰਘ ਸ਼ਾਖਾ ਕਾਲਾਂਵਾਲੀ ਨੇ ਅੱਜ ਆਪਣੇ ਹੀ ਵਿਭਾਗ ਦੇ ਐੱਸਡੀਓ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਯੂਨੀਅਨ ਦੇ ਸੂਬਾ ਸਕੱਤਰ ਗੁਰਦੀਪ ਸਿੰਘ ਅਤੇ ਰਾਮ ਸਿੰਘ ਨੇ ਕਿਹਾ ਕਿ ਵਿਭਾਗ ਦੀ ਸਬ-ਡਿਵੀਜ਼ਨ ਕਾਲਾਂਵਾਲੀ ਦੇ ਐਸਡੀਓ ਮੁਲਾਜ਼ਮਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾ ਰਹੇ ਹਨ ਤੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇੰਨਾ ਹੀ ਨਹੀਂ ਮੁਲਾਜ਼ਮਾਂ ਨੂੰ ਠੇਕੇਦਾਰਾਂ ਦੇ ਕੰਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਯੂਨੀਅਨ ਵੱਲੋਂ ਅੱਜ ਕਾਲਾਂਵਾਲੀ ਦਫ਼ਤਰ ਅੱਗੇ ਰੋਸ ਪ੍ਰਗਟ ਕਰਨ ਲਈ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਐਸਡੀਓ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਐਸਡੀਓ ਦਫ਼ਤਰ ਵਿੱਚ ਘੱਟ ਹੀ ਹਾਜ਼ਰ ਹੁੰਦੇ ਹਨ ਭਾਵੇਂ ਉਸ ਦਾ ਹੈੱਡ ਕੁਆਰਟਰ ਵੀ ਕਾਲਾਂਵਾਲੀ ਵਿੱਚ ਹੀ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਐੱਸਡੀਓ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹ ਆਪਣੀ ਗ਼ਲਤੀ ਨਹੀਂ ਮੰਨਦੇ। ਇਸ ਮੌਕੇ ਹਰੀ ਕ੍ਰਿਸ਼ਨ, ਪ੍ਰਤਾਪ ਸਿੰਘ, ਰਾਤ ਸਿੰਘ ਗਿੱਲ, ਬਲਬੀਰ ਸਿੰਘ ਤੇ ਮਹਿੰਦਰ ਹਾਜ਼ਰ ਸਨ।