ਸਤਵਿੰਦਰ ਬਸਰਾ
ਲੁਧਿਆਣਾ, 18 ਜੂਨ
ਪੰਜਾਬ ਵਿੱਚ ਲੰਮੇ ਸਮੇਂ ਤੋਂ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀਆਂ ਸੰਸਥਾਵਾਂ ਨਰੋਆ ਪੰਜਾਬ ਮੰਚ ਅਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਦੇ ਕਾਰਕੁਨਾਂ ਵੱਲੋਂ ਅੱਜ ਪਿੰਡ ਵਲੀਪੁਰ ਵਿਚ ਬੁੱਢਾ ਦਰਿਆ ਅਤੇ ਸਤਲੁਜ ਦੇ ਸੰਗਮ ’ਤੇ ਇਕੱਠ ਕੀਤਾ ਗਿਆ। ਇਸ ਦੌਰਾਨ ਸਮਾਜ ਸੇਵਕ ਲੱਖਾ ਸਿਧਾਣਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬੁੱਢਾ ਦਰਿਆ ਨੂੰ ਪ੍ਰਦੂਸ਼ਿਤ ਹੋਣ ਤੋਂ ਨਾ ਰੋਕਿਆ ਗਿਆ ਗਿਆ ਤਾਂ ਬੁੱਢੇ ਦਰਿਆ ਦਾ ਪਾਣੀ ਅੱਗੇ ਸਤਲੁਜ ਵਿੱਚ ਜਾਣ ਤੋਂ ਰੋਕਣ ਲਈ ਬੰਨ੍ਹ ਲਾ ਦਿੱਤਾ ਜਾਵੇਗਾ। ਬੁੱਢਾ ਦਰਿਆ ਵਿੱਚ ਪੈ ਰਹੇ ਪ੍ਰਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਨੂੰ ਰੁਕਵਾਉਣ ਲਈ ਸਰਕਾਰ ’ਤੇ ਦਬਾਅ ਬਣਾਉਣ ਦੇ ਮਕਸਦ ਨਾਲ ਕੀਤੇ ਇਸ ਇਕੱਠ ਵਿੱਚ ਪਹੁੰਚੇ ਵਾਤਾਵਰਨ ਜਥੇਬੰਦੀਆਂ ਦੇ ਕਾਰਕੁਨਾਂ ਦਾ ਮੰਨਣਾ ਸੀ ਕਿ ਸਰਕਾਰ ਲੰਮੇ ਸਮੇਂ ਤੋਂ ਇਸ ਮੁੱਦੇ ਨੂੰ ਤਰਜੀਹ ਨਹੀਂ ਦੇ ਰਹੀ। ਸਿਧਾਣਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਬੁੱਢੇ ਦਰਿਆ ਦਾ ਪਾਣੀ ਅੱਗੋਂ ਸਤਲੁਜ ਦੇ ਸਾਫ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ ਜਿਸ ਕਰਕੇ ਸਤਲੁਜ ਦੇ ਪਾਣੀ ਨੂੰ ਪੀਣ ਵਾਲੇ ਪਿੰਡਾਂ ਦੇ ਲੋਕਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਨਹੀਂ ਕਰਦੀ ਤਾਂ ਪੂਰਾ ਪੰਜਾਬ ਬੁੱਢੇ ਦਰਿਆ ’ਤੇ ਬੰਨ੍ਹ ਲਾ ਦੇਵੇਗਾ ਤਾਂ ਜੋ ਇਸ ਦਾ ਪ੍ਰਦੂਸ਼ਿਤ ਪਾਣੀ ਸਤਲੁਜ ਦੇ ਸਾਫ ਪਾਣੀ ਨੂੰ ਪ੍ਰਦੂਸ਼ਿਤ ਨਾ ਕਰ ਸਕੇ ਅਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਬਚ ਸਕਣ। ਅਦਾਕਾਰ ਅਮਿਤੋਜ ਨੇ ਕਿਹਾ ਕਿ ਉਨ੍ਹਾਂ ਨੇ 20 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੀਟਿੰਗ ਦਾ ਸਮਾਂ ਲਿਆ ਹੈ। ਜਸਕੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ 90 ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ। ਜੇਕਰ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਕੋਈ ਸੁਧਾਰ ਹੋਇਆ ਤਾਂ ਹੋਰ ਸਮਾਂ ਦਿੱਤਾ ਜਾ ਸਕਦਾ ਹੈ। ਇਕੱਠ ਦੌਰਾਨ ਕਈ ਫੈਸਲੇ ਲਏ ਜਿਨ੍ਹਾਂ ਵਿੱਚੋਂ ਪਹਿਲੇ ਫੈਸਲੇ ’ਚ 15 ਅਗਸਤ ਨੂੰ ਲੁਧਿਆਣੇ ਵਿੱਚ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਲੈ ਕੇ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਦੂਜੇ ਫੈਸਲੇ ਅਨੁਸਾਰ ਜੇਕਰ 15 ਸਤੰਬਰ ਤੱਕ ਸਰਕਾਰ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਨਹੀਂ ਰਹਿੰਦੀ ਤਾਂ ਇਸ ਨੂੰ ਇੱਕ ਪੱਕਾ ਬੰਨ੍ਹ ਮਾਰ ਕੇ ਲੁਧਿਆਣੇ ਤੱਕ ਹੀ ਸੀਮਤ ਕਰ ਦਿੱਤਾ ਜਾਵੇਗਾ ਤਾਂ ਕਿ ਦੱਖਣੀ ਪੰਜਾਬ ਨੂੰ ਇਸ ਜ਼ਹਿਰੀਲੇ ਪਾਣੀ ਤੋਂ ਬਚਾਇਆ ਜਾ ਸਕੇ। ਵਰਨਣਯੋਗ ਹੈ ਕਿ ਸਤਲੁਜ ਦੱਖਣੀ ਪੰਜਾਬ ਦੇ ਵੱਡੇ ਹਿੱਸੇ ਦਾ ਪੀਣ ਵਾਲੇ ਪਾਣੀ ਦਾ ਇਕੱਲਾ ਸਰੋਤ ਹੈ ਅਤੇ ਇਸ ਵਿੱਚ ਬੁੱਢੇ ਦਰਿਆ ਦਾ ਜ਼ਹਿਰੀਲਾ ਪਾਣੀ ਮਿਲਣ ਕਰਕੇ ਬਿਮਾਰੀਆਂ ਅਤੇ ਸਿਹਤ ਸਮੱਸਿਆਵਾਂ ਦਾ ਬਹੁਤ ਵੱਡਾ ਮਸਲਾ ਬਣ ਚੁੱਕਿਆ ਹੈ। ਇਸ ਮੌਕੇ ਕਮਲਜੀਤ ਸਿੰਘ ਬਰਾੜ, ਦਲੇਰ ਸਿੰਘ ਡੋਡ, ਡਾ. ਅਮਨਦੀਪ ਸਿੰਘ ਬੈਂਸ, ਮਹਿੰਦਰ ਪਾਲ ਲੂੰਬਾ, ਕਰਨਲ ਜਸਜੀਤ ਸਿੰਘ ਗਿੱਲ, ਕੁਲਦੀਪ ਸਿੰਘ ਖਹਿਰਾ, ਰੋਮਨ ਬਰਾੜ ਆਦਿ ਸ਼ਾਮਿਲ ਹੋਏ।