ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਜੂਨ
ਕਰੀਬ ਦੋ ਹਫ਼ਤੇ ਪਹਿਲਾਂ ਇਕ ਨੌਜਵਾਨ ’ਤੇ ਪੈਟਰੋਲ ਛਿੜਕ ਕੇ ਜਿਉਂਦੇ ਨੂੰ ਅੱਗ ਲਾਉਣ ਅਤੇ ਉਸ ਤੋਂ ਦਸ ਦਿਨ ਬਾਅਦ ਅੱਗ ਵਿੱਚ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਦੀ ਮੌਤ ਦੇ ਮਾਮਲੇ ਕਾਰਨ ਲੋਕਾਂ ਅੰਦਰ ਰੋਹ ਬਰਕਰਾਰ ਹੈ। ਮਨਪ੍ਰੀਤ ਸਿੰਘ ਉਰਫ ਰਾਹੁਲ ਪੁੱਤਰ ਰਾਕੇਸ਼ ਕੁਮਾਰ ਵਾਸੀ ਅਗਵਾੜ ਲਧਾਈ ਜਗਰਾਉਂ ਦੇ ਮਰਨ ਉਪਰੰਤ ਇਸ ਮਾਮਲੇ ਵਿੱਚ ਕੀਤੇ ਐਲਾਨ ਮੁਤਾਬਕ ਅੱਜ ਪਰਿਵਾਰ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਾਇਆ। ਇਸ ਦੌਰਾਨ ਜਗਰਾਉਂ-ਰਾਏਕੋਟ ਮੁੱਖ ਮਾਰਗ ’ਤੇ ਪੂਰਾ ਦਿਨ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਇਸ ਮਾਮਲੇ ਸਬੰਧੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਧਰਨਾਕਾਰੀਆਂ ਨੇ ਪੁਲੀਸ ’ਤੇ ਦੋਸ਼ ਲਾਉਣ ਦੇ ਨਾਲ-ਨਾਲ ਮੁਲਜ਼ਮਾਂ ਨੂੰ ਨਸ਼ਾ ਤਸਕਰ ਦੱਸਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਦੇ ਕਥਿਤ ਚਿੱਟਾ ਵੇਚਣ ਅਤੇ ਗੁੰਡਾ ਗਰੋਹ ਤੋਂ ਇਲਾਕਾ ਵਾਸੀ ਦੁਖੀ ਹਨ। ਇਹ ਮੁਲਜ਼ਮ ਪਹਿਲਾਂ ਵੀ ਕਈ ਝਗੜੇ ਤੇ ਹੋਰ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ। ਇਥੋਂ ਤਕ ਕਿ ਇਨ੍ਹਾਂ ਇਕ ਵਾਰ ਬੇਅਦਬੀ ਵੀ ਕੀਤੀ ਸੀ। ਆਗੂਆਂ ਨੇ ਇਕਸੁਰ ਹੋ ਕੇ ਮੁਲਜ਼ਮਾਂ ਦੀ ਨਸ਼ੇ ਨਾਲ ਬਣਾਈ ਜਾਇਦਾਦ ਜ਼ਬਤ ਕਰਨ, ਮਾਮਲੇ ਦੀ ਨਿਰਪੱਖ ਕਾਰਵਾਈ ਕਰਕੇ ਇਨਸਾਫ਼ ਦੇਣ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤਕ ਸੰਘਰਸ਼ਸ਼ੀਲ ਜਥੇਬੰਦੀ ਦੀ ਮੀਟਿੰਗ ਜਾਰੀ ਸੀ ਜਿਸ ਵਿੱਚ ਅਗਲੇ ਸੰਘਰਸ਼ ਬਾਰੇ ਫ਼ੈਸਲਾ ਲਿਆ ਜਾਣਾ ਸੀ। ਉਂਜ ਧਰਨੇ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।