ਪੱਤਰ ਪ੍ਰੇਰਕ
ਯਮੁਨਾਨਗਰ, 18 ਜੂਨ
ਇਨੈਲੋ ਦੇ ਜਨਰਲ ਸਕੱਤਰ ਅਤੇ ਵਿਧਾਇਕ ਅਭੈ ਚੌਟਾਲਾ ਲਗਾਤਾਰ ਸੂਬੇ ਦਾ ਦੌਰਾ ਕਰ ਰਹੇ ਹਨ। ਉਹ 7 ਦਿਨਾਂ ਵਿੱਚ 22 ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਉਨ੍ਹਾਂ ਦੇ ਨਾਲ ਰਾਸ਼ਟਰੀ ਉਪ ਪ੍ਰਧਾਨ ਅਸ਼ਵਨੀ ਦੱਤਾ, ਸੂਬਾਈ ਪ੍ਰਧਾਨ ਰਾਮਪਾਲ ਮਾਜਰਾ ਅਤੇ ਪ੍ਰਕਾਸ਼ ਭਾਰਤੀ ਵੀ ਮੌਜੂਦ ਸਨ। ਉਨ੍ਹਾਂ ਅੱਜ ਯਮੁਨਾਨਗਰ ਵਿੱਚ ਵਰਕਰਾਂ ਦੀ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯਮੁਨਾਨਗਰ ਅਤੇ ਰਾਦੌਰ ਵਿਧਾਨ ਸਭਾ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਯਮੁਨਾਨਗਰ ਅਤੇ ਰਾਦੌਰ ਤੋਂ ਦਿਲਬਾਗ ਸਿੰਘ ਸੰਧੂ ਅਤੇ ਰਾਦੌਰ ਤੋਂ ਸ਼ਿਆਮ ਸਿੰਘ ਰਾਣਾ ਨੂੰ ਉਮੀਦਵਾਰ ਐਲਾਨਿਆ। ਉਨ੍ਹਾਂ ਕਿਹਾ ਕਿ 2019 ਵਿੱਚ ਯਮੁਨਾਨਗਰ ਤੋਂ ਲੋਕ ਸਭਾ ਚੋਣਾਂ ਵਿੱਚ ਇਨੈਲੋ ਨੂੰ 2000 ਦੇ ਕਰੀਬ ਵੋਟਾਂ ਮਿਲੀਆਂ ਸਨ ਜਦਕਿ ਉਸ ਮਗਰੋਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਦਿਲਬਾਗ ਨੂੰ 64,000 ਦੇ ਕਰੀਬ ਵੋਟਾਂ ਮਿਲੀਆਂ ਸਨ ਅਤੇ ਆਖਰੀ ਸਮੇਂ ਉਹ 1400 ਵੋਟਾਂ ਨਾਲ ਚੋਣ ਹਾਰ ਗਏ। ਉਨ੍ਹਾਂ ਕਿਹਾ ਕਿ ਇਨੈਲੋ ਆਉਣ ਵਾਲੀਆਂ ਚੋਣਾਂ ਵਿੱਚ ਨੌਜਵਾਨਾਂ, ਔਰਤਾਂ ਅਤੇ ਯੋਗ ਉਮੀਦਵਾਰਾਂ ਨੂੰ ਸੀਟਾਂ ਦੇਵੇਗੀ । ਉਨ੍ਹਾਂ ਕਿਹਾ ਕਿ ਸਰਕਾਰ ਯਮੁਨਾਨਗਰ ਜ਼ਿਲ੍ਹੇ ਦੀ ਹਰ ਪੱਖੋਂ ਸੁਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਨੈਲੋ ਸੱਤਾ ਵਿੱਚ ਆਉਂਦੀ ਹੈ ਤਾਂ ਬੁਢਾਪਾ ਪੈਨਸ਼ਨ ਵਧਾਈ ਜਾਵੇਗੀ, ਅੰਗਹੀਣਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਸੱਤਾ ਵਿੱਚ ਆਉਣ ਮਗਰੋਂ ਨਗਰ ਨਿਗਮ ਦੇ ਵਿਕਾਸ ਟੈਕਸ ਹਟਾ ਦਿੱਤੇ ਜਾਣਗੇ।