ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਜੂਨ
ਪਿੰਡ ਰਤਨਗੜ੍ਹ ਦੀ ਪੰਚਾਇਤ ਵੱਲੋਂ ਪਿੰਡ ਦੇ ਹੋਣਹਾਰ ਖਿਡਾਰੀਆਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਹਾਊਸਿੰਗ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ ਨੇ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਸਮਾਗਮ ਦੀ ਪ੍ਰਧਾਨਗੀ ਸਰਪੰਚ ਨੁਮਾਇੰਦੇ ਪ੍ਰਵੀਨ ਪੰਚਾਲ ਨੇ ਕੀਤੀ। ਕੈਲਾਸ਼ ਸੈਣੀ ਨੇ ਖਿਡਾਰੀਆਂ ਦਾ ਸਨਮਾਨ ਕਰਨ ਮਗਰੋਂ ਕਿਹਾ ਕਿ ਦੇਸ਼-ਵਿਦੇਸ਼ ਵਿਚ ਖੇਡਾਂ ਦੀ ਵਧ ਰਹੀ ਮਹੱਤਤਾ ਨੂੰ ਦੇਖਦਿਆਂ ਹੋਏ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਪਿੰਡਾਂ ਵਿਚ ਵੱਧ ਤੋਂ ਵੱਧ ਮੁਕਾਬਲੇ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਖਿਡਾਰੀ ਕੌਮਾਂਤਰੀ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਆਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਨੂੰ ਹਰ ਸਹੂਲਤ ਦੇ ਰਹੀ ਹੈ। ਖੇਡਾਂ ਵਿਚ ਹਿੱਸਾ ਲੈਣ ਨਾਲ ਨੌਜਵਾਨਾਂ ਨਸ਼ਿਆਂ ਤੋਂ ਦੂਰ ਹੋ ਜਾਂਦੇ ਹਨ ਅਤੇ ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਚੰਗੇ ਖਿਡਾਰੀ ਨੂੰ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ। ਚੰਗੇ ਖਿਡਾਰੀ ਨੂੰ ਨਾ ਸਿਰਫ ਸਰਕਾਰ ਪੈਸਾ ਤੇ ਨੌੌਕਰੀ ਦਿੰਦੀ ਹੈ ਸਗੋਂ ਪ੍ਰਾਈਵੇਟ ਕੰਪਨੀਆਂ ਵੀ ਚੰਗੇ ਖਿਡਾਰੀਆਂ ਦੀ ਮਦਦ ਲਈ ਅੱਗੇ ਆਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਉਹ ਜ਼ਿਆਦਾ ਤੋਂ ਜ਼ਿਆਦਾ ਖੇਡ ਮੁਕਾਬਲਿਆਂ ਵਿਚ ਆਪਣੇ ਹੁਨਰ ਦਾ ਲੋਹਾ ਮਨਵਾਉਣ। ਇਸ ਮੌਕੇ ਪ੍ਰਵੀਣ ਪੰਚਾਲ, ਕ੍ਰਿਸ਼ਨ ਸੈਣੀ, ਪਾਲਾ ਰਾਮ ਤੇ ਹੋਰ ਹਾਜ਼ਰ ਸਨ।