ਜਗਮੋਹਨ ਸਿੰਘ
ਘਨੌਲੀ, 19 ਜੂਨ
ਪੰਜਾਬ ਪੁਲੀਸ ਵੱਲੋਂ ਨਸ਼ਾਖੋਰੀ ਦੇ ਖਾਤਮੇ ਲਈ ਆਰੰਭੀ ਮੁਹਿੰਮ ਤਹਿਤ ਘਨੌਲੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਡੀਐੱਸਪੀ ਮਨਵੀਰ ਸਿੰਘ ਬਾਜਵਾ ਦੀ ਅਗਵਾਈ ਅਧੀਨ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਇੱਕ ਸ਼ੱਕੀ ਔਰਤ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਘਰ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਈ।
ਖਬਰ ਲਿਖੇ ਜਾਣ ਤੱਕ ਪੁਲੀਸ ਨੂੰ ਤਲਾਸ਼ੀ ਮੁਹਿੰਮ ਦੌਰਾਨ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਸੀ ਮਿਲੀ। ਇਸ ਮੌਕੇ ਐੱਸਐੱਚਓ ਦੀਪਇੰਦਰ ਸਿੰਘ, ਚੌਕੀ ਇੰਚਾਰਜ ਘਨੌਲੀ ਸੋਹਣ ਸਿੰਘ, ਹਾਜ਼ਰ ਸਨ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਸਬ ਡਿਵੀਜ਼ਨ ਫਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਉਪ ਪੁਲੀਸ ਕਪਤਾਨ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਪ ਪੁਲੀਸ ਕਪਤਾਨ ਨੇ ਦੱਸਿਆ ਕਿ ਡੀਜੀਪੀ ਅਤੇ ਐੱਸਐੱਸਪੀ ਡਾ. ਰਵਜੋਤ ਗਰੇਵਾਲ ਦੇ ਹੁਕਮਾਂ ’ਤੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਰੇਲਵੇ ਸਟੇਸ਼ਨ, ਬੱਸ ਸਟੈਂਡ ਸਰਹਿੰਦ ਮੰਡੀ, ਰੇਲਵੇ ਰੋਡ, ਬ੍ਰਾਹਮਣ ਮਾਜਰਾ, ਢਾਬਿਆਂ, ਪੀਜੀ ਅਤੇ ਰੈਸਟੋਰੈਂਟਾ ਸਮੇਤ ਕਰੀਬ 18 ਥਾਵਾਂ ’ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਵਿੱਚ 90 ਪੁਲਿਸ ਮੁਲਾਜ਼ਮਾਂ ਨੇ 10 ਮੈਂਬਰੀ ਟੀਮਾਂ ਬਣਾ ਕੇ ਚੈਕਿੰਗ ਕੀਤੀ।
ਪੁਲੀਸ ਨੇ ਢੇਹਾ ਬਸਤੀ ਵਿੱਚ ਮਾਰਿਆ ਛਾਪਾ
ਡੇਰਾਬੱਸੀ (ਹਰਜੀਤ ਸਿੰਘ): ਪਿੰਡ ਤ੍ਰਿਵੇਦੀ ਕੈਂਪ ਵਿੱਚ ਮੁਬਾਰਕਪੁਰ ਪੁਲੀਸ ਵੱਲੋਂ ਅੱਜ ਨਸ਼ਾ ਵਿੱਕਣ ਦੇ ਸ਼ੱਕ ਹੇਠ ਢੇਹਾ ਬਸਤੀ ਵਿੱਚ ਛਾਪਾ ਮਾਰਿਆ। ਇਸ ਦੌਰਾਨ ਵੱਡੀ ਗਿਣਤੀ ਪੁਲੀਸ ਫੋਰਸ ਨੇ ਪੁਲੀਸ ਬਸਤੀ ਨੂੰ ਘੇਰ ਲਿਆ ਅਤੇ ਉਹ ਹਰੇਕ ਘਰ ਦੀ ਤਲਾਸ਼ੀ ਲਈ। ਮੁਬਾਰਕਪੁਰ ਪੁਲੀਸ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਦੋ ਦਰਜਨ ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਵਿੱਚ ਕੁਝ ਬਾਹਰ ਤੋਂ ਆਏ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਹਨ।