ਪੱਤਰ ਪ੍ਰੇਰਕ
ਪਾਇਲ, 19 ਜੂਨ
ਪੀਏਸੀ ਜੰਗਲ ਮੱਤੇਵਾੜਾ ਦੇ ਮੈਂਬਰ ਤੇ ਵਾਤਾਵਰਨ ਪ੍ਰੇਮੀ ਭਾਈ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡੀਸੀ ਲੁਧਿਆਣਾ ਵੱਲੋਂ ਵੱਧ ਰਹੀ ਤਪਸ਼ ਅਤੇ ਗੰਧਲੇ ਪ੍ਰਦੂਸ਼ਣ ਤੋਂ ਬਚਾਉਣ ਲਈ ਦਰੱਖ਼ਤ ਲਾਉਣ ਸਬੰਧੀ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਜੋ ਚੰਗਾ ਉਪਰਾਲਾ ਹੈ ਜਿਸ ਉੱਤੇ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਹੈ ਪਰ ਸਰਕਾਰੀ ਅਧਿਕਾਰੀ ਇਸ ਗੰਭੀਰ ਮੁੱਦੇ ਲਈ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਬੀਬੀ ਜਿਸ ਦਾ ਮਹਿਕਮਾ ਸਿੱਧਾ ਕਿਸਾਨੀ ਅਤੇ ਇਸ ਮੁੱਦੇ ਨਾਲ ਸਬੰਧਤ ਹੈ। ਉਹ ਵੀ ਬੂਟੇ ਲਗਾਉਣ ਦੇ ਨਾਂ ’ਤੇ ਖਾਨਾਪੂਰਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਵਿਭਾਗ ਦੇ ਅਧਿਕਾਰੀ ਹੀ ਸੁਹਿਰਦ ਨਹੀਂ ਹੋਣਗੇ ਤਾਂ ਵਾਤਾਵਰਨ ਦੀ ਸੰਭਾਲ ਕਿਵੇਂ ਹੋ ਸਕੇਗੀ।