ਪੱਤਰ ਪ੍ਰੇਰਕ
ਲੰਬੀ, 19 ਜੂਨ
ਲੰਬੀ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿੰਡ ਲੰਬੀ ਵਿਚ ਪੀਣ ਦੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਅੰਤਾਂ ਦੀ ਗਰਮੀ ‘ਚ ਪਿੰਡ ਵਾਸੀ ਸੜਕਾਂ ‘ਤੇ ਉਤਰਨ ਨੂੰ ਮਜਬੂਰ ਹੋ ਗਏ। ਵਾਟਰ ਸਪਲਾਈ ਲਈ ਤਿਹਾਏ ਪਿੰਡ ਵਾਸੀਆਂ ਨੇ ਐਨਐਚ-9 ’ਤੇ ਜਾਮ ਲਾ ਕੇ ਧਰਨਾ ਲਗਾ ਦਿੱਤਾ। ਜਾਣਕਾਰੀ ਅਨੁਸਾਰ ਵਰ੍ਹਿਆਂ ਤੋਂ ਲੰਬੀ ‘ਚ ਵਾਟਰ ਵਰਕਸ ਤੋਂ ਨਹਿਰ ਕੰਡਿਓਂ ਜ਼ਮੀਨੀ ਬੋਰ ਵਾਲਾ ਪਾਣੀ ਸਪਲਾਈ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਪੱਧਰ ’ਤੇ ਜ਼ਮੀਨੀ ਪਾਣੀ ਨੂੰ ਪੀਣ ਵਰਤੋਂ ਲਈ ਸਿਹਤ ਪੱਖੋਂ ਮਾੜਾ ਮੰਨਿਆ ਜਾਂਦਾ ਹੈ। ਸਿਤਮਜ਼ਰੀਫ਼ੀ ਹੈ ਕਿ ਇੱਥੇ ਜਲ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਹੀ ਸਰਕਾਰੀ ਪੱਧਰ ‘ਤੇ ਜ਼ਮੀਨੀ ਪਾਣੀ ਦੀ ਖੁੱਲ੍ਹੇਆਮ ਸਪਲਾਈ ਕੀਤੀ ਜਾ ਰਹੀ ਹੈ। ਭਾਕਿਯੂ ਏਕਤਾ (ਸਿੱਧੂਪੁਰ) ਦੇ ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬਿਲਕੁਲ ਨਹੀਂ ਦਿੱਤੀ ਜਾ ਰਹੀ। ਸਰਹਿੰਦ ਫੀਡਰ ਅਤੇ ਰਾਜਸਥਾਨ ਨਹਿਰ ਦੇ ਕੋਲ ਧਰਤੀ ਹੇਠਲੇ ਦੂਸ਼ਿਤ ਪਾਣੀ ਵਾਟਰ ਵਰਕਸ ਜ਼ਰੀਏ ਪਿੰਡ ਨੂੰ ਸਪਲਾਈ ਕੀਤਾ ਜਾਂਦਾ ਹੈ। ਇਕਬਾਲ ਸਿੰਘ ਨੰਬਰਦਾਰ, ਬੂਟਾ ਸਿੰਘ, ਗੁਰਲਾਲ ਸਿੰਘ, ਸਾਬਕਾ ਥਾਣੇਦਾਰ ਰਾਜਿੰਦਰ ਸਿੰਘ, ਰਿੰਕੂ ਲੰਬੀ ਨੇ ਦੱਸਿਆ ਕਿ ਮਾਨ ਸੜਕ, ਕਲੋਨੀ ਤੇ ਪਿੰਡ ਦੇ ਵਿਚਕਾਰਲੇ ਖੇਤਰ ‘ਚ ਪਾਣੀ ਸਪਲਾਈ ਨਹੀਂ ਆ ਰਹੀ। ਪਾਣੀ ਨਾ ਆਉਣ ਕਰਕੇ ਪਿੰਡ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਸਬਡਿਵੀਜ਼ਨ ਮੰਡੀ ਕਿੱਲਿਆਂਵਾਲੀ ਦੇ ਐੱਸਡੀਓ ਅਨਿਲ ਕੁਮਾਰ ਨੇ ਧਰਨੇ ‘ਚ ਪੁੱਜ ਕੇ ਬੰਦ ਗੇਟਵਾਲਾਂ ਨੂੰ ਸ਼ੁਰੂ ਕਰਵਾਉਣ, ਸੁਚਾਰੂ ਪਾਣੀ ਸਪਲਾਈ ਲਈ ਇੱਕ ਹੋਰ ਆਰਜ਼ੀ ਪੰਪ ਅਪਰੇਟਰ ਲਗਾਉਣ ਦਾ ਭਰੋਸਾ ਦਿਵਾਇਆ। ਨਾਲ ਬੋਰ ਦੇ ਪਾਣੀ ਦੀ ਥਾਂ ਨਹਿਰੀ ਪਾਣੀ ਸਪਲਾਈ ਖਾਤਰ ਐਸਟੀਮੇਟ ਪਾਸ ਕਰਵਾ ਕੇ ਕਰੀਬ ਡੇਢ ਮਹੀਨੇ ‘ਚ ਪਾਈਪ ਪੁਆਉਣ ਦੀ ਗੱਲ ਆਖੀ ਜਿਸ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ।