ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜੂਨ
ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀ ਦੀ ਅਸਾਮੀ ਨੂੰ ਸਟੇਟ ਕਾਡਰ ਵਿੱਚ ਤਬਦੀਲ ਕਰਨ ਮਗਰੋਂ ਨਵੀਂ ਬਣੀ ਅਥਾਰਿਟੀ ਡਾਇਰੈਕਟਰ ਭੌਂ ਰਿਕਾਰਡ ਪੰਜਾਬ ਐਟ ਜਲੰਧਰ ਵੱਲੋਂ ਪ੍ਰਬੰਧਕੀ ਹਿਤਾਂ ਤੇ ਵਿਜੀਲੈਂਸ ਰਿਪੋਰਟ ਉੱਤੇ 10 ਮਾਲ ਪਟਵਾਰੀਆਂ ਦਾ ਅੰਤਰ ਜ਼ਿਲ੍ਹਾ ਤਬਾਦਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਾਲ ਪਟਵਾਰੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਅਧੀਨ ਸਨ।
ਡਾਇਰੈਕਟਰ ਭੌਂ ਰਿਕਾਰਡ ਨਵੀਂ ਅਥਾਰਿਟੀ ਵਲੋਂ ਜਾਰੀ ਤਬਦਾਲਾ ਸੂਚੀ ਮੁਤਾਬਕ ਮਾਲ ਪਟਵਾਰੀ ਲਖਵੀਰ ਸਿੰਘ, ਗੜ੍ਹਦੀਵਾਲਾ (ਹੁਸ਼ਿਆਰਪੁਰ) ਤੋਂ ਕਪੂਰਥਲਾ, ਸੁਰਿੰਦਰਪਾਲ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਅਮ੍ਰਿੰਤਸਰ, ਕਰਮ ਸਿੰਘ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪਠਾਨਕੋਟ, ਸਤਵਿੰਦਰ ਸਿੰਘ ਤਹਿਸੀਲ ਦਫ਼ਤਰ ਦਸੂਹਾ (ਹੁਸ਼ਿਆਰਪੁਰ) ਤੋਂ ਜ਼ਿਲ੍ਹਾ ਲੁਧਿਆਣਾ, ਜਤਿੰਦਰ ਬਹਿਲ ਤਹਿਸੀਲ ਦਫ਼ਤਰ ਮੁਕੇਰੀਆਂ (ਹੁਸ਼ਿਆਰਪੁਰ) ਤੋਂ ਕਪੂਰਥਲਾ, ਪਰਵੀਨ ਕੁਮਾਰ, ਪਟਵਾਰ ਸਰਕਲ ਭਵਾਨੀਪੁਰ, (ਕਪੂਰਥਲਾ) ਤੋਂ ਹੁਸ਼ਿਆਰਪੁਰ, ਅਨਿਲ ਕੁਮਾਰ, ਕਪੂਰਥਲਾ ਤੋਂ ਜ਼ਿਲ੍ਹਾ ਅਮ੍ਰਿੰਤਸਰ, ਪ੍ਰੇਮ ਕੁਮਾਰ ਸ਼ਹੀਦ ਭਗਤ ਸਿੰਘ ਨਗਰ ਤੋਂ ਐੱਸਏਐੱਸ ਨਗਰ, ਅਮਰਦੀਪ ਸਿੰਘ ਹਲਕਾ ਬੰਗਾ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਜ਼ਿਲ੍ਹਾ ਲੁਧਿਆਣਾ ਅਤੇ ਰਾਹੁਲ ਗਰਗ ਐੱਸਬੀਐੱਸ ਨਗਰ ਤੋਂ ਜ਼ਿਲ੍ਹਾ ਸੰਗਰੂਰ ਦਾ ਤਬਾਦਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਪਟਵਾਰੀਆਂ ਵੱਲੋਂ ਵਾਧੂ ਹਲਕਿਆਂ ਦਾ ਚਾਰਜ ਛੱਡਣ ਦਾ ਸਖ਼ਤ ਨੋਟਿਸ ਲਿਆ। ਪਟਵਾਰੀਆਂ ਦਾ ਜ਼ਿਲ੍ਹਾ ਕਾਡਰ ਹੋਣ ਕਰਕੇ ਉਨ੍ਹਾਂ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਨਹੀਂ ਸੀ ਹੋ ਸਕਦੀ ਤਾਂ ਸਰਕਾਰ ਨੇ ‘ਪੰਜਾਬ ਮਾਲ ਪਟਵਾਰੀ (ਕਲਾਸ ਤਿੰਨ) ਸੇਵਾ ਨਿਯਮ 1966’ ਵਿੱਚ ਸੋਧ ਦਾ ਬਿੱਲ ਲਿਆਂਦਾ ਅਤੇ ਮਾਲ ਪਟਵਾਰੀ ਸਟੇਟ ਕਾਡਰ ਵਿਚ ਤਬਦੀਲ ਕਰ ਦਿੱਤਾ ਗਿਆ ਸੀ।