ਪੱਤਰ ਪ੍ਰੇਰਕ
ਪਟਿਆਲਾ, 19 ਜੂਨ
ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਨੇ ਅੱਜ ਬਿਜਲੀ ਦੀ ਵਧੀ ਰਿਕਾਰਡ ਤੋੜ ਮੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪਾਵਰਕੌਮ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਤਾਂ ਕਿ ਬਿਜਲੀ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾ ਸਕੇ। ਇਸ ਸਬੰਧੀ ਅੱਜ ਬਿਆਨ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਜਸਵੀਰ ਧੀਮਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੀਐੱਸਪੀਸੀਐੱਲ ਅਤੇ ਪੀਐੱਸਟੀਸੀਐੱਲ ਨੂੰ ਅਗਲੇ ਸਾਲ ਲਈ ਲੋੜੀਂਦਾ ਸਟਾਫ਼ ਭਰਤੀ ਕਰਨ ਅਤੇ ਲੋੜੀਂਦੀ ਬਿਜਲੀ ਯਕੀਨੀ ਬਣਾਉਣ ਲਈ ਨਿਰਦੇਸ਼ ਦੇਣ ਤਾਂ ਕਿ ਆਉਂਦੇ ਸਮੇਂ ਵਿਚ ਬਿਜਲੀ ਦੀ ਘਾਟ ਨਾ ਰਹਿ ਸਕੇ।
ਪ੍ਰਧਾਨ ਧੀਮਾਨ ਨੇ ਕਿਹਾ ਕਿ 2024 ਦੀ ਰਿਕਾਰਡ ਗਰਮੀ ਨੇ ਆਪਣੀ ਬੇਮਿਸਾਲ ਤੀਬਰਤਾ, ਮਿਆਦ ਅਤੇ ਵਿਆਪਕ ਪ੍ਰਭਾਵ ਕਾਰਨ ਵਿਸ਼ਵ ਦਾ ਧਿਆਨ ਖਿੱਚਿਆ ਹੈ। ਪੰਜਾਬ ਰਿਕਾਰਡ ਤੋੜ ਤਾਪਮਾਨ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਨੇ ਅੱਜ 16078 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਦਰਜ ਕੀਤੀ ਹੈ, ਜਦੋਂ ਕਿ ਝੋਨੇ ਦਾ ਪੂਰਾ ਲੋਡ ਅਜੇ ਸ਼ੁਰੂ ਹੋਣਾ ਹੈ। ਮੌਜੂਦਾ ਭਵਿੱਖਬਾਣੀਆਂ ਮੁਤਾਬਕ ਮੌਨਸੂਨ ਦੇ 27 ਜੂਨ ਤੋਂ ਪਹਿਲਾਂ ਆਉਣ ਦੀ ਉਮੀਦ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਉਦੋਂ ਤੱਕ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਬਿਜਲੀ ਚੋਰੀ ਕਾਰਨ ਹਾਲਾਤ ਬਦ ਤੋਂ ਬੱਦਤਰ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਜਨੀਅਰਾਂ/ਕਰਮਚਾਰੀਆਂ ਨੂੰ ਸਹਿਯੋਗ ਦੇਣ ਜੋ ਕਿ ਸਮਾਂਬੱਧ ਤਰੀਕੇ ਨਾਲ ਸਪਲਾਈ ਬਹਾਲ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ ਅਤੇ ਇਸ ਸਥਿਤੀ ਵਿੱਚ ਪੀਐੱਸਪੀਸੀਐੱਲ ਸਬ ਸਟੇਸ਼ਨਾਂ, ਦਫ਼ਤਰਾਂ ਆਦਿ ਦਾ ਘਿਰਾਓ ਨਾ ਕਰਨ। ਹਾਲਾਂਕਿ ਪੰਜਾਬ ਦਾ ਬਿਜਲੀ ਖੇਤਰ ਸਾਲਾਨਾ ਲੋਡ ਵਾਧੇ ਨੂੰ ਦੇਖਦੇ ਹੋਏ ਗੁਣਵੱਤਾ ਅਤੇ ਭਰੋਸੇਮੰਦ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਤਿਆਰ ਹੈ ਪਰ ਪਿਛਲੇ 3-4 ਦਹਾਕਿਆਂ ਤੋਂ ਮੌਜੂਦਾ ਗਰਮੀ ਦੀ ਲਹਿਰ ਦੇ ਕਾਰਨ ਖਪਤਕਾਰਾਂ ਨੂੰ ਆਪਣੀ ਬਿਜਲੀ ਦੀ ਵਰਤੋਂ ਵਿੱਚ ਕੁਝ ਸੰਜਮ ਵਰਤਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ 12 ਦਿਨਾਂ ਤੱਕ ਆਪਣੇ ਏਅਰ ਕੰਡੀਸ਼ਨਰ ਦਾ ਤਾਪਮਾਨ 26 ਡਿਗਰੀ ’ਤੇ ਰੱਖਣ ਤਾਂ ਜੋ ਲੋਡ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਖੇਤੀਬਾੜੀ ਖਪਤਕਾਰਾਂ ਨੂੰ ਪਾਣੀ ਅਤੇ ਬਿਜਲੀ ਦੀ ਬੱਚਤ ਕਰਨ ਲਈ ਝੋਨੇ ਦੀ ਬਿਜਾਈ ਵਿੱਚ 7 ਦਿਨਾਂ ਦੀ ਦੇਰੀ ਕਰਨ ਅਤੇ ਪੀਏਯੂ ਦੁਆਰਾ ਸਿਫ਼ਾਰਸ਼ ਕੀਤੇ ਘੱਟ ਪਾਣੀ ਦੀ ਲੋੜ ਵਾਲੀਆਂ ਘੱਟ ਮਿਆਦ ਵਾਲੀਆਂ ਪੀਆਰ ਕਿਸਮਾਂ ਦੀ ਹੀ ਵਰਤੋਂ ਕਰਨ ਦੀ ਅਪੀਲ ਕੀਤੀ।