ਪੱਤਰ ਪ੍ਰੇਰਕ
ਫਗਵਾੜਾ, 19 ਜੂਨ
ਵਾਰਡ ਨੰਬਰ 4 ਤੋਂ ਭਾਜਪਾ ਦੇ ਸਾਬਕਾ ਕੌਂਸਲਰ ਬੀਰਾ ਰਾਮ ਵਲਜੋਤ ਨੇ ਅੱਜ ਨਗਰ ਨਿਗਮ ਕਮਿਸ਼ਨਰ ਦਫ਼ਤਰ ਵਿੱਚ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਮੁਹੱਲਾ ਕੀਰਤੀ ਨਗਰ ’ਚ ਚੱਲ ਰਹੇ ਪੱਕੀਆਂ ਗਲੀਆਂ ਬਣਾਉਣ ਦੇ ਕੰਮ ਤੋਂ ਪਹਿਲਾਂ ਮੇਨ ਰੋਡ ਦੀ ਉਸਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੀਰਤੀ ਨਗਰ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਕਾਫ਼ੀ ਤਰਸਯੋਗ ਹੈ। ਇਹ ਰੋਡ ਕੱਚੀ ਹੈ ਅਤੇ ਇੱਥੇ ਕੁਝ ਭਰਤ ਪੈਣੀ ਹੈ ਜਿਸ ਕਰਕੇ ਸੜਕ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਲਿੰਕ ਕਰਦੀਆਂ ਗਲੀਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਸੜਕ ਦੀ ਉਸਾਰੀ ਨਹੀਂ ਹੋਵੇਗੀ ਤਾਂ ਲਿੰਕ ਗਲੀਆਂ ਬਣਾਉਣ ਦੀ ਕੀ ਫਾਇਦਾ ਹੋਵੇਗਾ ਕਿਉਂਕਿ ਬਰਸਾਤ ’ਚ ਜਿਹੜੇ ਲੋਕ ਕੀਰਤੀ ਨਗਰ ਜਾਣਗੇ, ਉਨ੍ਹਾਂ ਲਈ ਵੀ ਮੁਸ਼ਕਿਲ ਹੋਵੇਗੀ ਅਤੇ ਜੋ ਲੋਕ ਗਲੀਆਂ ਵਿੱਚੋਂ ਮੁੱਖ ਸੜਕ ਵੱਲ ਆਉਣਗੇ, ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਆਏਗੀ। ਉਨ੍ਹਾਂ ਮੰਗ ਕੀਤੀ ਕਿ ਲਿੰਕ ਗਲੀਆਂ ਦੀ ਉਸਾਰੀ ਤੋਂ ਪਹਿਲਾਂ ਮੇਨ ਰੋਡ ’ਤੇ ਭਰਤੀ ਪਾ ਕੇ ਸੜਕ ਦੀ ਉਸਾਰੀ ਕਰਵਾਈ ਜਾਵੇ ਜਿਸ ’ਤੇ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਖ਼ੁਦ ਮੌਕੇ ਦਾ ਮੁਆਇਨਾ ਕਰ ਕੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨਗੇ।