ਪੱਤਰ ਪ੍ਰੇਰਕ
ਭਵਾਨੀਗੜ੍ਹ, 20 ਜੂਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਪੂਰੇ ਦੇਸ਼ ਵਿੱਚ ਇੰਡੀਆ ਗੱਠਜੋੜ ਅਤੇ ਰਾਹੁਲ ਗਾਂਧੀ ਦੀ ਨਿਰਪੱਖ ਤੇ ਵਿਕਾਸ ਮੁਖੀ ਸੋਚ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਇਹ ਦਾਅਵਾ ਇੱਥੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ। ਸ੍ਰੀ ਸਿੰਗਲਾ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਲੰਬੀ ਪੈਦਲ ਯਾਤਰਾ ਦੌਰਾਨ ਦੇਸ਼ ਵਿੱਚ ਫੈਲਾਏ ਗਏ ਫਿਰਕੂ ਤਾਨਾਸ਼ਾਹੀ ਦਾ ਸਫਲਤਾ ਨਾਲ ਟਾਕਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਯਤਨਾਂ ਸਦਕਾ ਦੇਸ਼ ਵਿੱਚ ਉਸਾਰੇ ਇੰਡੀਆ ਗੱਠਜੋੜ ਵੱਲੋਂ ਭਾਜਪਾ ਦੇ 400 ਤੋਂ ਪਾਰ ਦੇ ਸੁਫਨੇ ਨੂੰ 241 ਸੀਟਾਂ ਤੱਕ ਸੀਮਤ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਵੱਲੋਂ ਵੀ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਗਿਆ ਹੈ।
ਉਨ੍ਹਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਇਕਮੁੱਠਤਾ ਨਾਲ ਸਰਗਰਮੀਆਂ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਆਗੂ ਰਣਜੀਤ ਸਿੰਘ ਤੂਰ, ਬਿੱਟੂ ਖ਼ਾਨ, ਸੁਖਮਿੰਦਰਪਾਲ ਸਿੰਘ ਤੂਰ, ਮਨਜੀਤ ਸਿੰਘ ਸੋਢੀ, ਬਲਵਿੰਦਰ ਸਿੰਘ ਘਾਬਦੀਆ, ਜਗਤਾਰ ਨਮਾਦਾ, ਮੰਗਤ ਸ਼ਰਮਾ ਅਤੇ ਨਰਿੰਦਰ ਹਾਕੀ ਆਦਿ ਹਾਜ਼ਰ ਸਨ।