ਪੱਤਰ ਪ੍ਰੇਰਕ
ਟੱਲੇਵਾਲ, 20 ਜੂਨ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਦੇ ਅਹੁਦੇਦਾਰਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਵਿਹੜੇ ਵਿਚ ‘ਸਮਾਂਤਰ ਨਜ਼ਰੀਆ’ ਦਾ ‘ਅਪਰੈਲ-ਜੂਨ 2024 ਅੰਕ’ ਲੋਕ ਅਰਪਣ ਕੀਤਾ ਗਿਆ। ਸਭ ਤੋਂ ਪਹਿਲਾਂ ਪਰਚੇ ਵਿੱਚ ਛਪੀਆਂ ਰਚਨਾਵਾਂ ਬਾਰੇ ਭੋਲਾ ਸਿੰਘ ਸੰਘੇੜਾ ਨੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਹਰ ਪਰਚੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਇਸ ਅੰਕ ਵਿੱਚ ਰਘਵੀਰ ਭਗਤ ਨੇ ਵਾਰਿਸ ਸ਼ਾਹ ਦੀਆਂ ਹੀਰ ਤੋਂ ਬਿਨਾਂ ਹੋਰ ਰਚਨਾਵਾਂ ਬਾਰੇ ਮੁੱਲਵਾਨ ਜਾਣਕਾਰੀ ਦਿੱਤੀ ਹੈ। ਓਮ ਪ੍ਰਕਾਸ਼ ਗਾਸੋ, ਤਰਸੇਮ ਅਤੇ ਡਾ. ਅਨਿਲ ਸ਼ੋਰੀ ਦਾ ਸਾਂਝਾ ਮੱਤ ਸੀ ਕਿ ਸੁਲੱਖਣ ਸਰਹੱਦੀ ਪੰਜਾਬੀ ਦੇ ਪ੍ਰਬੁੱਧ ਗ਼ਜ਼ਲਕਾਰ ਹਨ ਪਰ ਉਨ੍ਹਾਂ ਵੱਲੋਂ ਪੰਜਾਬੀ ਬਾਸ਼ਾ ਦੇ ਸਬੰਧ ਵਿਚ ਉਠਾਏ ਨੁਕਤਿਆਂ ਬਾਰੇ ਬਹਿਸ ਹੋਣੀ ਚਾਹੀਦੀ ਹੈ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਸ਼ਾਇਰ ਰਾਮ ਸਰੂਪ ਸ਼ਰਮਾ ਨੇ ਹੋਰ ਕਾਲਮ ਸ਼ੁਰੂ ਕਰਨ ਬਾਰੇ ਸੁਝਾਅ ਦਿੱਤੇ। ਡਾ. ਹਰਿਭਗਵਾਨ ਨੇ ਸਭ ਦਾ ਧੰਨਵਾਦ ਕਰਨ ਉਪਰੰਤ ਕਿਹਾ ਕਿ ਪਰਚੇ ਵੱਲੋਂ ਨਵੇਂ ਲੇਖਕਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨਾ ਅਤੀ ਸਲਾਹੁਯੋਗ ਕਾਰਜ ਹੈ।