ਬੰਗਲੂਰੂ, 20 ਜੂਨ
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਵਿਡ ਜੌਹਨਸਨ (52) ਦੀ ਆਪਣੇ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਕੁੱਝ ਲੋਕਾਂ ਵੱਲੋਂ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਜੌਹਨਸਨ ਆਪਣੇ ਘਰ ਦੇ ਨੇੜੇ ਕ੍ਰਿਕਟ ਅਕੈਡਮੀ ਚਲਾ ਰਹੇ ਸਨ ਪਰ ਕੁਝ ਸਮੇਂ ਤੋਂ ਬਿਮਾਰ ਸਨ। ਇਸ ਦੌਰਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ, ਸਾਬਕਾ ਕ੍ਰਿਕਟਰ ਗੌਤਮ ਗੰਭੀਰ ਅਤੇ ਅਨਿਲ ਕੁੰਬਲੇ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਨੇ ਦੱਸਿਆ, ‘‘ਸਾਨੂੰ ਦੱਸਿਆ ਗਿਆ ਕਿ ਉਹ ਆਪਣੇ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਡਿੱਗ ਗਏ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੌਹਨਸਨ ਨੇ ਭਾਰਤ ਲਈ ਦੋ ਟੈਸਟ ਮੈਚ ਖੇਡੇ। ਉਨ੍ਹਾਂ 39 ਪਹਿਲੀ ਸ਼੍ਰੇਣੀ ਦੇ ਮੈਚਾਂ ਵਿੱਚ 125 ਵਿਕਟਾਂ ਜਦਕਿ ਲਿਸਟ ਏ ਕ੍ਰਿਕਟ ਦੇ 33 ਮੈਚਾਂ ਵਿੱਚ 41 ਵਿਕਟਾਂ ਲਈਆਂ। -ਪੀਟੀਆਈ