ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੂਨ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਦੇ ਮੱਦੇਨਜ਼ਰ ਹੇਠਲੇ ਰੈਂਕ ਦੇ ਕਰੀਬ ਦਸ ਹਜ਼ਾਰ ਪੁਲੀਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਕੀਤੇ ਐਲਾਨ ਤੋਂ ਇੱਕ ਦਿਨ ਮਗਰੋਂ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਅੱਜ ਆਪਣੇ ਅਮਲੇ ਦਾ ਜ਼ੋਰਦਾਰ ਬਚਾਅ ਕਰਦਿਆਂ ਕਿਹਾ ਕਿ ਇਹ ਫੇਰਬਦਲ ਪ੍ਰਸ਼ਾਸਕੀ ਕਾਰਨਾਂ ਕਰਕੇ ਕੀਤੇ ਗਏ ਸਨ।ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਨਸ਼ਾ ਤਸਕਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲਬਾਤ ਕਰਦਿਆਂ ਪੰਜਾਬ ਪੁਲੀਸ ਮੁਖੀ ਨੇ ਕਿਹਾ ਕਿ ਉਨ੍ਹਾਂ ਕੋਲ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇਟੈਲੀਜੈਂਸ (ਆਈਐੱਸਆਈ) ਦੀ ਨਸ਼ੇ ਦੀ ਅਲਾਮਤ ਵਿੱਚ ਸ਼ਮੂਲੀਅਤ ਦੇ ਸਬੂਤ ਹਨ। ਉਨ੍ਹਾਂ ਕਿਹਾ, ‘‘ਪੰਜਾਬ ਵਿੱਚ ਨਸ਼ਾ ਤਸਕਰੀ ਪਿੱਛੇ ਆਈਐੱਸਆਈ ਦਾ ਹੱਥ ਹੈ। ਇਹ ਭਾਰਤ ਵਿੱਚ ਨਸ਼ਾ-ਅਤਿਵਾਦ ਦਾ ਮੁੱਖ ਕਾਰਨ ਹੈ।’’ ਡੀਜੀਪੀ ਨੇ ਕਿਹਾ ਕਿ ਪਾਕਿਸਤਾਨ, ਜਿਸ ਦਾ ਅਰਥਚਾਰਾ ਮੰਦੇ ਹਾਲ ਹੈ, ਦਾ ਗੁਜ਼ਾਰਾ ਗ਼ੈਰਕਾਨੂੰਨੀ ਨਸ਼ਿਆਂ ਦੀ ਤਸਕਰੀ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘2019 ਤੋਂ ਲਗਪਗ 906 ਡਰੋਨ ਸਰਹੱਦ ਪਾਰ ਤੋਂ ਭੇਜੇ ਗਏ ਹਨ। ਇਸ ਸਾਲ ਵੀ ਪੰਜਾਬ ਪੁਲੀਸ ਨੇ ਬੀਐੱਸਐੱਫ ਨਾਲ ਮਿਲ ਕੇ 247 ਡਰੋਨਾਂ ਵਿੱਚੋਂ 101 ਨੂੰ ਡੇਗਿਆ ਹੈ।’’ ਦਹਾਕਿਆਂ ਤੋਂ ਸੂਬੇ ਨੂੰ ਝੰਜੋੜ ਰਿਹਾ ਇਹ ਖ਼ਤਰਾ ਇਸ ਮਹੀਨੇ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ 14 ਮੌਤਾਂ ਮਗਰੋਂ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਡੀਜੀਪੀ ਨੇ ਜ਼ੋਰ ਦੇ ਕੇ ਕਿਹਾ, ‘‘ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਬਦਲੇ ਗਏ ਪੁਲੀਸ ਮੁਲਾਜ਼ਮਾਂ ਵਿੱਚੋਂ ਕੋਈ ਵੀ ਨਸ਼ਾ ਤਸਕਰੀ ਨਾਲ ਜੁੜੇ ਕੇਸਾਂ ਵਿੱਚ ਸ਼ਾਮਲ ਨਹੀਂ ਹੈ। ਇਹ ਤਬਾਦਲੇ ਸਰਕਾਰ ਦੀ 2020 ਵਿੱਚ ਬਣਾਈ ਨੀਤੀ ਦਾ ਹਿੱਸਾ ਸਨ।
‘ਨਸ਼ਿਆਂ ਖ਼ਿਲਾਫ਼ ਇਕੱਲਿਆ ਲੜਾਈ ਨਹੀਂ ਲੜ ਸਕਦੀ ਪੰਜਾਬ ਪੁਲੀਸ’
ਡੀਜੀਪੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਪੁਲੀਸ ਇਕੱਲਿਆਂ ਨਸ਼ਾ ਤਸਕਰੀ ਨਾਲ ਨਹੀਂ ਲੜ ਸਕਦੀ। ਸੂਬਾ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੀਆਂ ਹੋਰ ਏਜੰਸੀਆਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣਾ ਪਵੇਗਾ।
ਯਾਦਵ ਨੇ ਕਿਹਾ, ‘‘ਪੁਲੀਸ ਨੇ ਕੰਮ ਕੀਤਾ ਹੈ। ਹਾਲਾਂਕਿ ਕੁੱਝ ਕਾਲੀਆਂ ਭੇਡਾਂ ਵੀ ਹੋ ਸਕਦੀਆਂ ਹਨ। ਅਸੀਂ ਚਾਰ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਹੈ। ਅਸੀਂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਇਲਾਵਾ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਇਹ ਉਹ ਬਹਾਦਰ ਪੁਲੀਸ ਬਲ ਹੈ ਜਿਸ ਨੇ ਅਤਿਵਾਦ ਖ਼ਿਲਾਫ਼ ਲੜਾਈ ਲੜੀ ਅਤੇ ਹੁਣ ਨਸ਼ਿਆਂ ਖ਼ਿਲਾਫ਼ ਲੜ ਰਿਹਾ ਹੈ। ਅਸੀਂ ਦੇਸ਼ ਦੀ ਜੰਗ ਲੜ ਰਹੇ ਹਾਂ।’’ ਬਰਖਾਸਤ ਤੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਘਿਰੇ ਪੁਲੀਸ ਅਧਿਕਾਰੀ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲੀਸ ਦੀ ਨਾਕਾਮੀ ਬਾਰੇ ਪੁੱਛੇ ਜਾਣ ’ਤੇ ਡੀਜੀਪੀ ਨੇ ਕਿਹਾ, ‘‘ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਦੇ ਏਡੀਜੀਪੀ ਨਿਲਾਭ ਕਿਸ਼ੋਰ ਇਸ ’ਤੇ ਕੰਮ ਕਰ ਰਹੇ ਹਨ।’’