ਲਾਹੌਰ: ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਿਆਸੀ ਸਲਾਹਕਾਰ ਗੁਲਾਮ ਸ਼ਬੀਰ ਨੂੰ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ। ਮੀਡੀਆ ਦੀ ਇੱਕ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ। ‘ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਦੀ ਖ਼ਬਰ ’ਚ ਕਿਹਾ ਗਿਆ ਕਿ ਕਾਹਨਾ ਥਾਣੇ ਵਿੱਚ ਦਰਜ ਐੱਫਆਈਆਰ ਮੁਤਾਬਕ ਗੁਲਾਮ ਸ਼ਬੀਰ (ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਸ਼ਾਹਬਾਜ਼ ਗਿੱਲ ਦੇ ਵੱਡੇ ਭਰਾ) ਨੂੰ ਦੋ ਦਿਨਾਂ ਪਹਿਲਾਂ ਇਸਲਾਮਾਬਾਦ ਜਾਂਦੇ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ। ਇਹ ਐੱਫਆਈਆਰ ਸ਼ਬੀਰ ਦੇ ਬੇਟੇ ਬਿਲਾਲ ਵੱਲੋਂ ਦਰਜ ਕਰਵਾਈ ਗਈ ਹੈ। ਐੱਫਆਈਆਰ ’ਚ ਬਿਲਾਲ ਨੇ ਕਿਹਾ ਕਿ ਸ਼ਬੀਰ ਦੇਰ ਰਾਤ ਲਾਹੌਰ ਦੇ ਖਯਾਬਾਂ-ਏ-ਆਮੀਨ ਸਥਿਤ ਆਪਣੀ ਰਿਹਾਇਸ਼ ਤੋਂ ਨਿਕਲੇ ਸਨ ਅਤੇ ਇਸਲਾਮਾਬਾਦ ਵੱਲ ਜਾ ਰਹੇ ਸਨ। ਖ਼ਬਰ ਮੁਤਾਬਕ ਇਸ ਸਬੰਧੀ ਹਾਲੇ ਹੋਰ ਵੇਰਵੇ ਨਹੀਂ ਮਿਲੇ ਹਨ। -ਪੀਟੀਆਈ