ਕੋਲੰਬੋ, 20 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਸਣੇ ਸ੍ਰੀਲੰਕਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਅਤੇ ਸਾਂਝੇ ਤੌਰ ’ਤੇ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਦੀ ਸ਼ੁਰੂਆਤ ਕੀਤੀ। ਸਮੁੰਦਰੀ ਰਾਹਤ ਤਾਲਮੇਲ ਕੇਂਦਰ ਦੇ ਨਿਰਮਾਣ ਵਾਸਤੇ ਭਾਰਤ ਨੇ 60 ਲੱਖ ਡਾਲਰ ਦੀ ਗਰਾਂਟ ਦਿੱਤੀ ਹੈ। ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਦਨੇ ਨਾਲ ਵੀ ਮੁਲਾਕਾਤ ਕੀਤੀ ਅਤੇ ਵਿਕਾਸ ਤੇ ਕੁਨੈਕਟੀਵਿਟੀ ਪਹਿਲਕਦਮੀਆਂ ਰਾਹੀਂ ਭਾਰਤ ਦੇ ਮਜ਼ਬੂਤ ਸਮਰਥਨ ਦੀ ਵਚਨਬੱਧਤਾ ਦੁਹਰਾਈ।
ਜੈਸ਼ੰਕਰ ਨੇ ਰਾਸ਼ਟਰਪਤੀ ਭਵਨ ਵਿੱਚ ਵਿਕਰਮਸਿੰਘੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਕਰਮਸਿੰਘੇ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਬਿਜਲੀ, ਊਰਜਾ, ਸੰਪਰਕ, ਬੰਦਰਗਾਹ ਬੁਨਿਆਦੀ ਢਾਂਚੇ, ਹਵਾਬਾਜ਼ੀ, ਡਿਜੀਟਲ, ਸਿਹਤ, ਖੁਰਾਕ, ਸਿੱਖਿਆ ਅਤੇ ਸੈਰ-ਸਪਾਟਾ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨਾਲ ਮੁਲਾਕਾਤ ਕਰ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਵੱਖ-ਵੱਖ ਦੁਵੱਲੇ ਪ੍ਰਾਜੈਕਟਾਂ ਅਤੇ ਪਹਿਲਕਦਮੀਆਂ ’ਤੇ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ।’’
ਰਾਸ਼ਟਰਪਤੀ ਦੇ ਮੀਡੀਆ ਵਿਭਾਗ ਨੇ ਦੱਸਿਆ ਕਿ ਦੋਹਾਂ ਆਗੂਆਂ ਨੇ ਸ੍ਰੀਲੰਕਾ ਵਿੱਚ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਦੀ ਵਰਚੁਅਲ ਤਖ਼ਤੀ ਦਾ ਡਿਜੀਟਲ ਤੌਰ ’ਤੇ ਉਦਘਾਟਨ ਕੀਤਾ ਅਤੇ ਰਸਮੀ ਤੌਰ ’ਤੇ ਕੇਂਦਰ ਦੀ ਸ਼ੁਰੂਆਤ ਕੀਤੀ। ਇਸ ਵਿੱਚ ਕੋਲੰਬੋ ਸਥਿਤ ਜਲ ਸੈਨਾ ਹੈੱਡਕੁਆਰਟਰ ਵਿੱਚ ਇਕ ਕੇਂਦਰ, ਹੰਬਨਟੋਟਾ ’ਚ ਇਕ ਉਪ ਕੇਂਦਰ ਅਤੇ ਗੈਲੇ, ਅਰੂਗੰਬੇ, ਬੱਟੀਕਲੋਵਾ, ਤ੍ਰਿੰਕੋਮਾਲੀ, ਕੱਲਾਰਾਵਾ, ਪੁਆਇੰਟ ਪੈਡਰੋ ਅਤੇ ਮੋਲੀਕੁਲਮ ਵਿੱਚ ਮਨੁੱਖ ਰਹਿਤ ਕੇਂਦਰ ਸ਼ਾਮਲ ਹਨ। -ਪੀਟੀਆਈ