ਗੁਰਿੰਦਰ ਸਿੰਘ
ਲੁਧਿਅਣਾ, 20 ਜੂਨ
ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ਦੀਆਂ ਟੌਲ ਦਰਾਂ ਇੱਕ ਸਾਲ ਵਿੱਚ ਤੀਜੀ ਵਾਰ ਵਾਧਾ ਕਰ ਕੇ ਲੋਕਾਂ ਤੇ ਵਾਧੂ ਬੋਝ ਪਾਉਣ ਦੇ ਵਿਰੋਧ ਵਿੱਚ ਦਿੱਤਾ ਜਾ ਰਿਹਾ ਧਰਨਾ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਜਦਕਿ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਗਠਨਾਂ ਵੱਲੋਂ ਟੌਲ ਪਲਾਜ਼ਾ ਨੂੰ ਮੁਫ਼ਤ ਕਰਨ ਦੇ ਫ਼ੈਸਲੇ ਨੂੰ ਕਈ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਚੱਲ ਰਹੇ ਇਸ ਧਰਨੇ ਦੌਰਾਨ ਅੱਜ ਵੀ ਧਰਨਾਕਾਰੀਆਂ ਨੇ ਟੌਲ ਪਲਾਜ਼ਾ ਮੁਫ਼ਤ ਰੱਖਿਆ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਬਾਬਾ ਸੁਖਵਿੰਦਰ ਸਿੰਘ ਆਲੋਵਾਲ ਅਤੇ ਗੁਰਦੀਪ ਸਿੰਘ ਭੱਟੀ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜਦ ਤੱਕ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਲਾਡੋਵਾਲ ਟੌਲ ਪਲਾਜ਼ਾ ਦੀਆਂ ਪੁਰਾਣੀਆਂ ਦਰਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਲਾਡੋਵਾਲ ਟੌਲ ਪਲਾਜ਼ਾ ਤੇ ਧਰਨਾ ਮੁਜ਼ਾਹਰਾ ਜਾਰੀ ਰਹੇਗਾ ਅਤੇ ਵਾਹਨਾਂ ਨੂੰ ਮੁਫਤ ਲੰਘਾਇਆ ਜਾਵੇਗਾ।
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਨੇ ਧਰਨੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਜਿਨ੍ਹਾਂ ਵਿੱਚ ਟੈਕਸੀ ਯੂਨੀਅਨ ਰਾਜਪੁਰ ਭਾਈਆਂ ਹੁਸ਼ਿਆਰਪੁਰ ਦੇ ਆਗੂਆਂ ਲਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ, ਪੰਮਾ ਟਰੱਕ ਯੂਨੀਅਨ ਜਗਰਾਉਂ ਦੇ ਆਗੂਆਂ, ਆੜਤੀ ਐਸੋਸੀਏਸ਼ਨ ਦਾਣਾ ਮੰਡੀ ਜਲੰਧਰ ਬਾਈਪਾਸ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ, ਤੀਰਥ ਸਿੰਘ ਨਾਮਧਾਰੀ ਹਾਜ਼ਰ ਸਨ।