ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੂਨ
ਸਨਅਤੀ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ 15 ਸਾਲ ਦੀ ਇੱਕ ਲੜਕੀ ਨੇ ਪਲੇਟਫਾਰਮ ਨੰਬਰ 6 ’ਤੇ ਬਣੇ ਫੁੱਟਬ੍ਰਿੱਜ ’ਤੇ ਚੜ੍ਹ ਕੇ ਹੰਗਾਮਾ ਕੀਤਾ। ਲੜਕੀ ਨੂੰ ਹਾਈਟੈਨਸ਼ਨ ਤਾਰ ਕੋਲ ਲਟਕਦਾ ਦੇਖ ਕੇ ਲੋਕਾਂ ਨੇ ਰੌਲਾ ਪਾਇਆ। ਲੋਕਾਂ ਦੀ ਭੀੜ ਇਕੱਠੀ ਦੇਖ ਜੀਆਰਪੀ ਅਤੇ ਆਰਪੀਐੱਫ਼ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਪਲੇਟਫਾਰਮ ਨੰਬਰ 5 ਤੇ 6 ਦੀਆਂ ਹਾਈਟੈਨਸ਼ਨ ਬਿਜਲੀ ਦੀਆਂ ਤਾਰਾਂ ਨੂੰ ਬੰਦ ਕਰਵਾਇਆ।
ਕਰੀਬ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਲੜਕੀ ਨੂੰ ਸਮਝਾ ਕੇ ਹੇਠਾਂ ਉਤਾਰਿਆ ਗਿਆ। ਫਿਲਹਾਲ ਲੜਕੀ ਬੇਹੋਸ਼ ਹੈ ਤੇ ਸਿਵਲ ਹਸਪਤਾਲ ’ਚ ਦਾਖਲ ਹੈ। ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਂ ਸੁਨੀਤਾ ਨੇ ਕਿਹਾ ਕਿ ਉਹ ਕਰੀਬ ਇੱਕ ਮਹੀਨਾਂ ਪਹਿਲਾਂ ਪਿੰਡ ਤੋਂ ਆਈ ਹੈ। ਮੂਲ ਰੂਪ ’ਚ ਉਹ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਲੁਧਿਆਣਾ ’ਚ ਉਹ ਪਿੰਡ ਸੁਨੇਤ ’ਚ ਪਰਿਵਾਰ ਨਾਲ ਰਹਿੰਦੀ ਹੈ। ਉਸ ਦੀ ਲੜਕੀ ਪਿੰਕੀ ਤੇ ਉਹ ਖੁਦ ਲੋਕਾਂ ਦੇ ਘਰਾਂ ’ਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ। ਅੱਜ ਉਨ੍ਹਾਂ ਦੀ ਲੜਕੀ ਪਿੰਕੀ ਘਰ ਤੋਂ ਕੰਮ ਕਰਨ ਲਈ ਗਈ ਸੀ, ਪਰ ਅਚਾਨਕ ਉਸ ਦੀ ਸਹੇਲੀ ਰਾਧਾ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਪਿੰਕੀ ਰੇਲਵੇ ਸਟੇਸ਼ਨ ’ਤੇ ਚਲੀ ਗਈ ਹੈ। ਉਹ ਤਰੁੰਤ ਰੇਲਵੇ ਸਟੇਸ਼ਨ ਪੁੱਜੀ ਤਾਂ ਪਿੰਕੀ 6 ਨੰਬਰ ਪਲੇਟਫਾਰਮ ਦੇ ਪੁਲ ’ਤੇ ਚੜ੍ਹੀ ਹੋਈ ਸੀ ਤੇ ਛਾਲ ਮਾਰਨ ਦੀ ਕੋੋਸ਼ਿਸ਼ ’ਚ ਸੀ। ਘਟਨਾ ਸਥਾਨ ’ਤੇ ਪੁੱਜ ਪੁਲੀਸ ਮੁਲਾਜ਼ਮਾਂ ਨੇ ਬਚਾਅ ਕਾਰਜ ਚਲਾਏ। ਜਿਵੇਂ ਹੀ ਪੁਲੀਸ ਕਰਮੀ ਪਿੰਕੀ ਨੂੰ ਬਚਾਉਣ ਲਈ ਹੱਥ ਅੱਗੇ ਵਧਾਉਂਦੇ ਤਾਂ ਉਹ ਆਪਣੀ ਥਾਂ ਤੋਂ ਖਿਸਕ ਕੇ ਹੋਰ ਜਗ੍ਹਾ ਚਲੀ ਜਾਂਦੀ। ਕਾਫ਼ੀ ਲੋਕਾਂ ਨੇ ਜਦੋਂ ਉਸ ਨੂੰ ਸਮਝਾਇਆ ਤਾਂ ਉਹ ਕਿਤੇ ਜਾ ਕੇ ਥੱਲੇ ਉਤਰੀ।
ਰੇਲਵੇ ਸਟੇਸ਼ਨ ’ਤੇ ਡਾਕਟਰਾਂ ਦੀ ਟੀਮ ਨੂੰ ਸੱਦਿਆ ਗਿਆ। ਫਿਲਹਾਲ ਪੁਲੀਸ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਚੈਕ ਕਰਵਾ ਰਹੀ ਹੈ। ਦੱਸ ਦੇਈਏ ਕਿ ਆਰਪੀਐੱਫ਼ ਦੀ ਇਸ ਲਾਪਰਵਾਹੀ ਦੀ ਵੀ ਚਰਚਾ ਹੋ ਰਹੀ ਹੈ।