ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਜੂਨ
ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਭਾਈ ਕਰਮਜੀਤ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਭਾਈ ਨਿਰਮਲ ਸਿੰਘ ਨਿਮਾਣਾ, ਕਥਾਵਾਚਕ ਹਰਜੀਤ ਸਿੰਘ ਹਰਮਨ, ਭਾਈ ਸਿਮਰਨਜੀਤ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਦੂਜੀ ਲੜੀ ਦੇ ਭੋਗ ਪਾਏ ਗਏ ਤੇ ਤੀਜੀ ਲੜੀ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਤੇ ਜਥੇਦਾਰ ਕੰਵਲਜੀਤ ਸਿੰਘ ਅਜਰਾਣਾ ਨੇ ਦੱਸਿਆ ਕਿ 21 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀ ਅਗਵਾਈ ਪੰਜ ਪਿਆਰੇ ਕਰਨਗੇ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਰੇਲਵੇ ਰੋਡ, ਕੁਟੀਆ ਵਾਲੀ ਗਲੀ, ਲਾਲ ਸੜਕ, ਥਾਨੇਸਰ ਬੱਸ ਸਟੈਂਡ, ਅੰਬੇਡਕਰ ਚੌਕ, ਸਿਕਰੀ ਚੌਕ, ਸ਼ਾਸ਼ਤਰੀ ਮਾਰਕੀਟ, ਬਿਰਲਾ ਮੰਦਰ ਤੋਂ ਹੁੰਦਾ ਹੋਇਆ ਆਪਣੇ ਸਥਾਨ ’ਤੇ ਆ ਕੇ ਸਮਾਪਤ ਹੋਵੇਗਾ। ਸੰਗਤਾਂ ਲਈ ਰਿਹਾਇਸ਼ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿਚ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤਾਂ ਆਉਦੀਆਂ ਹਨ।