ਬਲਵਿੰਦਰ ਸਿੰਘ ਭੰਗੂ
ਭੋਗਪੁਰ, 21 ਜੂਨ
ਸ਼ਹਿਰ ਵਿੱਚ ਸਿਵਲ ਡਿਸਪੈਂਸਰੀ ਦੇ ਆਲੇ ਦੁਆਲੇ ਜ਼ਿਲ੍ਹਾ ਪਰਿਸ਼ਦ ਨੇ ਪੰਜ ਦਹਾਕੇ ਪਹਿਲਾਂ ਅੱਠ ਫੁੱਟ ਲੰਮੀ ਅਤੇ ਛੇ ਫੁੱਟ ਚੌੜੇ ਪਲਾਂਟ ਬਣਾ ਕੇ ਕਿਰਾਏਦਾਰਾਂ ਨੂੰ ਜਗ੍ਹਾ ਕਿਰਾਏ ’ਤੇ ਦਿੱਤੀ। ਇਸ ਤੋਂ ਬਾਅਦ ਕਈ ਕਿਰਾਏਦਾਰ ਚੋਰੀ ਛਿਪੇ ਰਾਤ ਨੂੰ 12 ਤੋਂ 14 ਫੁੱਟ ਤੱਕ ਡਿਸਪੈਂਸਰੀ ਦੀ ਜਗ੍ਹਾ ’ਤੇ ਨਜਾਇਜ਼ ਕਬਜ਼ੇ ਕਰ ਰਹੇ ਹਨ ਅਤੇ ਕਈ ਕਿਰਾਏਦਾਰ ਕਿਰਾਇਆ ਦੇਣ ਤੋਂ ਇਨਕਾਰੀ ਹੋ ਗਏ ਹਨ ਅਤੇ ਕਈ ਕਿਰਾਏਦਾਰਾਂ ਨੇ ਕਿਰਾਏ ‘ਤੇ ਲਈ ਜਗ੍ਹਾ ਅੱਗੇ ਹੋਰਾਂ ਨੂੰ ਵੇਚ ਦਿੱਤੀ ਹੈ। ਇਸ ਨੂੰ ਰੋਕਣ ਲਈ ਸਬੰਧਤ ਸਰਕਾਰੀ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਇਸ ਮੁੱਦੇ ਨੂੰ ‘ਪੰਜਾਬੀ ਟ੍ਰਿਬਿਊਨ’ ਨੇ ਪਿਛਲੇ ਦਿਨੀਂ ਪ੍ਰਮੁੱਖਤਾ ਨਾਲ ਉਠਾਇਆ ਸੀ ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਅਮਰਜੀਤ ਸਿੰਘ ਚੌਲਾਂਗ ਦੀ ਅਗਵਾਈ ਵਿੱਚ ਕਿਸਾਨ ਆਗੂਆਂ ਨੇ ਬੀਡੀਪੀਓ ਭੋਗਪੁਰ ਸੁਖਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਿਵਲ ਡਿਸਪੈਂਸਰੀ ਵਾਲੀ ਜ਼ਿਲ੍ਹਾ ਪਰਿਸ਼ਦ ਦੀ ਜਗ੍ਹਾ ਤੋਂ ਨਜਾਇਜ਼ ਕਬਜ਼ੇ ਨਾ ਛੁਡਵਾਏ ਤਾਂ ਕਿਸਾਨ ਯੂਨੀਅਨਾਂ ਕੌਮੀ ਮਾਰਗ ‘ਤੇ ਧਰਨਾ ਦੇ ਕੇ ਅਣਮਿੱਥੇ ਸਮੇਂ ਲਈ ਆਵਾਜਾਈ ਠੱਪ ਕਰ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਇਹ ਮਾਮਲਾ ਮੁੱਖ ਮੰਤਰੀ, ਪੰਚਾਇਤ ਮੰਤਰੀ ਅਤੇ ਸਬੰਧਤ ਉੱਚ ਅਫਸਰਾਂ ਕੋਲ ਉਠਾਉਣਗੇ।
ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸੀਨੀਅਰ ਕਾਂਗਰਸੀ ਭੁਪਿੰਦਰ ਸਿੰਘ ਸੈਣੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਰਲਾਂ ਨੇ ਵੀ ਕਿਹਾ ਉਹ ਵੀ ਆਪਣੀ ਆਪਣੀ ਪਾਰਟੀਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਨਜਾਇਜ਼ ਕਬਜ਼ੇ ਛੁਡਵਾਉਣ ਲਈ ਕਿਸਾਨਾਂ ਦਾ ਸਾਥ ਦੇਣਗੇ। ਬੀਡੀਪੀਓ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਕਿਰਾਏਦਾਰਾਂ ਤੋਂ ਜਗ੍ਹਾ ਛੁਡਵਾਉਣ ਲਈ ਕਾਨੂੰਨੀ ਕਾਰਵਾਈ ਲਈ ਕਿਰਾਏਦਾਰਾਂ ਨੂੰ ਤਿੰਨ ਨੋਟਿਸ ਭੇਜ ਚੁੱਕੇ ਹਨ ਅਤੇ ਜਿਹਨਾਂ ਕਿਰਾਏਦਾਰਾਂ ਨੇ ਟੈਕਸ ਕੁਲੈਕਟਰ ਨਾਲ ਬਦਤਮੀਜ਼ੀ ਕੀਤੀ ਉਹਨਾਂ ਵਿਰੁੱਧ ਪੁਲੀਸ ਥਾਣਾ ਭੋਗਪੁਰ ਵਿੱਚ ਦਰਖਾਸਤ ਵੀ ਦਿੱਤੀ ਗਈ ਹੈ।