ਹਰਦੀਪ ਸਿੰਘ ਸੋਢੀ
ਧੂਰੀ 21 ਜੂਨ
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਦੇ ਗ੍ਰਹਿ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਪੰਜਾਬ ਕਾਂਗਰਸ ਨੇ 13/7 ਸੀਟਾਂ ਜਿੱਤੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਪੰਜਾਬ ਦੇ ਲੋਕਾਂ ਦਾ ਕਾਂਗਰਸ ਪਾਰਟੀ ਉੱਪਰ ਪੂਰਨ ਭਰੋਸਾ ਹੈ। ਦੂਸਰੇ ਪਾਸੇ ਪੰਜਾਬ ’ਚ ‘ਆਪ’ ਦੀ ਸਰਕਾਰ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਆਗੂਆਂ ਕਿਹਾ ਪੂਰੇ ਦੇਸ਼ ਅੰਦਰ ਪੰਜਾਬੀਆਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਦੇਸ਼ ਅੰਦਰ ਆਪਸੀ ਭਾਈਚਾਰਕ ਸਾਂਝ ਬਣੀ ਰਹਿਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੋਣ ਵਾਲੀ ਜ਼ਿਮਨੀ ਚੋਣ ਪੰਜਾਬ ਕਾਂਗਰਸ ਆਪਣੇ ਬਲਬੂਤੇ ’ਤੇ ਲੜੇਗੀ ਤੇ ਜਿੱਤੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਦੀ ਸਖਤ ਮਿਹਨਤ ਕਾਰਨ ਭਾਰਤੀ ਜਨਤਾ ਪਾਰਟੀ ਨੂੰ 400 ਦਾ ਅੰਕੜਾ ਪਾਰ ਨਹੀਂ ਕਰਨ ਦਿੱਤਾ ਜਿਸ ਕਾਰਨ ਭਾਜਪਾ ਦੀ ਨਿਰੋਲ ਸਰਕਾਰ ਨਹੀਂ ਬਣੀ। ਉਨ੍ਹਾਂ ਕਿਹਾ ਕਿ ਧੂਰੀ ਅੰਦਰ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਰਟੀ ਵਿੱਚੋਂ ਕੱਢੇ ਜਾ ਚੁੱਕੇ ਹਨ। ਹੁਣ ਧੂਰੀ ਅੰਦਰ ਕਾਂਗਰਸ ਪਾਰਟੀ ਸ਼ੁਭਮ ਸ਼ਰਮਾ ਵਰਗੇ ਯੂਥ ਆਗੂਆਂ ਦੇ ਹੱਥਾਂ ਵਿੱਚ ਹੋਰ ਮਜ਼ਬੂਤ ਹੋ ਰਹੀ ਹੈ। ਇਸ ਮੌਕੇ ਲਖਮੀਰ ਬਮਾਲ, ਲੱਖਾ ਸਰਪੰਚ, ਡਾ ਜਰਨੈਲ ਸਿੰਘ ਬੱਬਨਪੁਰ, ਰੋਹਿਤ ਜਿੰਦਲ, ਨਰੇਸ ਕਾਲਾ ਹੋਰ ਵੀ ਹਾਜ਼ਰ ਸਨ।