ਪੱਤਰ ਪ੍ਰੇੋਰਕ
ਪਟਿਆਲਾ 21 ਜੂਨ
ਖੋਜ ਮੈਡੀਕਲ ਤੇ ਸਿੱਖਿਆ ਵਿਭਾਗ ਪੰਜਾਬ ਨਾਲ ਸਬੰਧਿਤ ਸੰਸਥਾਵਾਂ ਸਰਕਾਰੀ ਮੈਡੀਕਲ ਕਾਲਜ ਤੇ ਆਯੁਰਵੈਦਿਕ ਕਾਲਜ, ਰਾਜਿੰਦਰਾ ਹਸਪਤਾਲ, ਆਯੁਰਵੈਦਿਕ ਹਸਪਤਾਲ ਤੇ ਫਾਰਮੇਸੀ ਦੇ ਤੀਜਾ ਅਤੇ ਚੌਥਾ ਦਰਜਾ ਕਾਮੇ ਤਨਖ਼ਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਤਿੰਨ ਮੰਗ ਪੱਤਰ ਯਾਦ ਪੱਤਰ ਦੇ ਰੂਪ ਵਿੱਚ ਸਿਹਤ ਮੰਤਰੀ ਨੂੰ ਦਿੱਤੇ ਜਾ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਨਾ ਤਾਂ ਯੂਨੀਅਨ ਦੀ ਗੱਲ ਸੁਣੀ ਗਈ ਅਤੇ ਨਾ ਹੀ ਇਨ੍ਹਾਂ ਦਾ ਕੋਈ ਨੋਟਿਸ ਲਿਆ ਗਿਆ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
ਇੱਥੇ ਕੱਚੇ ਅਤੇ ਪੱਕੇ ਚੌਥਾ ਦਰਜਾ ਮੁਲਾਜ਼ਮ ਤੀਜੇ ਦਿਨ ਵੀ ਕੰਮਾਂ ਦਾ ਬਾਈਕਾਟ ਕਰ ਕੇ ਡਾਇਰੈਕਟਰ ਤੇ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਕੱਚੇ ਮੁਲਾਜ਼ਮਾਂ ਨੂੰ ਅਪਰੈਲ ਅਤੇ ਮਈ ਮਹੀਨੇ ਦੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ ਤੇ ਮੰਨੀਆਂ ਮੰਗਾਂ ਨੂੰ ਲਾਗੂ ਕੀਤੀਆਂ ਜਾਣ। ਰੈਲੀ ਦੌਰਾਨ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨਾਲ ਗੱਲਬਾਤ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਡੀਕਲ ਸੁਪਰਡੈਂਟ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਕਰਕੇ ਵਿੱਤੀ ਕੰਮਾਂ ਵਿੱਚ ਰੁਕਾਵਟਾਂ ਆਈਆਂ ਹਨ ਤੇ ਤਨਖ਼ਾਹਾਂ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ। ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ, ਰਾਜੇਸ਼ ਗੋਲੂ, ਅਰੁਣ ਕੁਮਾਰ ਨੇ ਕਿਹਾ ਕਿ ਜੇਕਰ ਤਨਖ਼ਾਹਾਂ ਜਾਰੀ ਨਾ ਹੋਈਆਂ ਤਾਂ ਉਹ ਅਗਲਾ ਧਰਨਾ ਤੇ ਰੈਲੀ ਸਿਹਤ ਮੰਤਰੀ ਦੇ ਘਰ ਅੱਗੇ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸਵਰਨ ਸਿੰਘ ਬੰਗਾ, ਦੇਸ਼ ਰਾਜ, ਕਮਲਜੀਤ ਸਿੰਘ, ਅਜੈ ਸਿੱਪਾ, ਅਨਿਲ ਪ੍ਰੇਮੀ, ਕਿਸ਼ੋਰ ਟੋਨੀ, ਜੀਤਾ, ਆਸ਼ੂ, ਰੀਤਾ ਆਦਿ ਹਾਜ਼ਰ ਸਨ।