ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੌਰਾਨ ਫ਼ਰੀਦਾਬਾਦ ਅਤੇ ਕਰਨਾਲ ਲੋਕ ਸਭਾ ਹਲਕਿਆਂ ਵਿੱਚ ਇਸਤੇਮਾਲ ਹੋਈਆਂ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਜਾਂਚ ਕੀਤੀ ਜਾਵੇਗੀ। ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਇਸ ਵਾਸਤੇ ਲਿਆ ਗਿਆ ਹੈ ਕਿਉਂਕਿ ਦੋਵੇਂ ਲੋਕ ਸਭਾ ਹਲਕਿਆਂ ਦੇ ਕਾਂਗਰਸੀ ਉਮੀਦਵਾਰਾਂ ਨੇ ਮਸ਼ੀਨਾਂ ਵਿੱਚ ਗੜਬੜ ਦਾ ਸ਼ੱਕ ਜ਼ਾਹਿਰ ਕਰਦਿਆਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ। ਉਪਰੋਕਤ ਦੋਹਾਂ ਹਲਕਿਆਂ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨ ਪਾਲ ਗੁੱਜਰ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੋਣ ਜਿੱਤੇ ਸਨ। ਹਰਿਆਣਾ ਵਿੱਚ ਕੁੱਲ ਛੇ ਬੂਥਾਂ ਦੀਆਂ ਮਸ਼ੀਨਾਂ ਬਾਰੇ ਸ਼ਿਕਾਇਤ ਕੀਤੀ ਗਈ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਹਰਿਆਣਾ ਵਿੱਚ ਕਰਨਾਲ ਦੇ ਕਾਂਗਰਸੀ ਉਮੀਦਵਾਰ ਦਿਵਿਆਂਸ਼ੂ ਬੁੱਧੀਰਾਜਾ ਨੇ ਕਰਨਾਲ ਹਲਕੇ ਦੇ ਕਰਨਾਲ ਅਤੇ ਪਾਣੀਪਤ ਸ਼ਹਿਰ ਵਿੱਚ ਈਵੀਐੱਮਜ਼ ’ਚ ਗੜਬੜ ਹੋਣ ਬਾਰੇ ਚੋਣ ਕਮਿਸ਼ਨ ਨੂੰ ਲਿਖਿਆ ਸੀ। ਕਰਨਾਲ ਅਤੇ ਪਾਣੀਪਤ ਦੇ ਦੋ-ਦੋ ਬੂਥਾਂ ਦੀਆਂ ਮਸ਼ੀਨਾਂ ਬਾਰੇ ਸ਼ਿਕਾਇਤ ਕੀਤੀ ਗਈ ਸੀ ਜਦੋਂ ਕਿ ਫ਼ਰੀਦਾਬਾਦ ਦੇ ਬੜਖਲ੍ਹ ਵਿਧਾਨ ਸਭਾ ਹਲਕੇ ਵਿੱਚ ਦੋ ਬੂਥਾਂ ਦੀਆਂ ਈਵੀਐੱਮਜ਼ ਵਿੱਚ ਗੜਬੜ ਦਾ ਸ਼ੱਕ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਸਿੰਘ ਵੱਲੋਂ ਚੋਣ ਕਮਿਸ਼ਨ ਕੋਲ ਜ਼ਾਹਿਰ ਕੀਤਾ ਗਿਆ ਸੀ। ਉਂਝ, ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿੱਚੋਂ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ’ਚ ਗੜਬੜ ਦੀਆਂ ਅੱਠ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਤਾਮਿਲਨਾਡੂ, ਤਿਲੰਗਾਨਾ ਤੇ ਹਰਿਆਣਾ ਸ਼ਾਮਲ ਹਨ।