ਨਵੀਂ ਦਿੱਲੀ: ਭਾਰਤੀ ਅਥਾਰਿਟੀਜ਼ ਨੂੰ ਸਫ਼ਾਰਤੀ ਰਸਾਈ ਲਈ ਨਿਖਿਲ ਗੁਪਤਾ ਕੋਲੋਂ ਕੋਈ ਦਰਖ਼ਾਸਤ ਪ੍ਰਾਪਤ ਨਹੀਂ ਹੋਈ ਹੈ। ਖਾਲਿਸਤਾਨੀ ਕੱਟੜਪੰਥੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤੀ ਮੂਲ ਦੇ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਨਿਖਿਲ ਗੁਪਤਾ ਨੂੰ 14 ਜੂਨ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ। ਅਜੇ ਤਾਈਂ ਸਾਨੂੰ ਗੁਪਤਾ ਕੋਲੋਂ ਸਫ਼ਾਰਤੀ ਰਸਾਈ ਸਬੰਧੀ ਕੋਈ ਦਰਖ਼ਾਸਤ ਪ੍ਰਾਪਤ ਨਹੀਂ ਹੋਈ ਹੈ ਪਰ ਉਸ ਦਾ ਪਰਿਵਾਰ ਸਾਡੇ ਸੰਪਰਕ ਵਿੱਚ ਹੈ।’’ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜੈਸਵਾਲ ਨੇ ਕਿਹਾ, ‘‘ਅਸੀਂ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਹਾਂ ਅਤੇ ਦੇਖ ਰਹੇ ਹਾਂ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਦਰਖ਼ਾਸਤ ’ਤੇ ਕੀ ਕੀਤਾ ਜਾ ਸਕਦਾ ਹੈ।’’ 17 ਜੂਨ ਨੂੰ ਜਦੋਂ ਗੁਪਤਾ (53) ਨੂੰ ਨਿਊ ਯਾਰਕ ਵਿੱਚ ਇਕ ਸੰਘੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਤਾਂ ਉਸ ਨੇ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ ਸੀ। ਗੁਪਤਾ ਜਦੋਂ ਚੈੱਕ ਗਣਰਾਜ ਦੇ ਅਧਿਕਾਰੀਆਂ ਦੀ ਹਿਰਾਸਤ ਵਿੱਚ ਸੀ ਤਾਂ ਭਾਰਤੀ ਅਧਿਕਾਰੀਆਂ ਨੂੰ ਕੁਝ ਮੌਕਿਆਂ ’ਤੇ ਉਸ ਤੱਕ ਸਫ਼ਾਰਤੀ ਰਸਾਈ ਦਿੱਤੀ ਗਈ ਸੀ। -ਪੀਟੀਆਈ