ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 22 ਜੂਨ
ਇੱਕ ਪਾਸੇ ਬਿਜਲੀ ਦੀ ਮੰਗ ਸਿਖ਼ਰ ’ਤੇ ਹੋਣ ਕਰਕੇ ਪੰਜਾਬ ਸਰਕਾਰ ਲੋੜੀਂਦੀ ਬਿਜਲੀ ਦੀ ਪੂਰਤੀ ਲਈ ਤਰਲੋਮੱਛੀ ਹੋ ਰਹੀ ਹੈ ਅਤੇ ਦੂਜੇ ਪਾਸੇ ਬਿਜਲੀ ਚੋਰ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ। ਲੋਕ ਸਭਾ ਚੋਣਾਂ ਲੰਘਦਿਆਂ ਹੀ ਐਨਫੋਰਸਮੈਂਟ ਵਿੰਗ ਨੇ ਚੋਰਾਂ ਦੀ ਚੂੜੀ ਕਸਣੀ ਸ਼ੁਰੂ ਕਰ ਦਿੱਤੀ ਹੈ।
ਐਨਫੋਰਸਮੈਂਟ ਸਰਕਲ ਬਠਿੰਡਾ ਨੇ ਚੋਰੀ ਕਰਨ ਵਾਲੇ ਬਿਜਲੀ ਖ਼ਪਤਕਾਰਾਂ ਦੀਆਂ ਵਾਗਾਂ ਖਿੱਚ ਦਿੱਤੀਆਂ ਹਨ। ਵਿੰਗ ਨੇ ਕਈ ਟੀਮਾਂ ਬਣਾ ਕੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਅਤੇ ਫਿਰੋਜ਼ਸ਼ਾਹ ਸਬ-ਡਿਵੀਜ਼ਨ ਵਿੱਚ ਅਚਨਚੇਤ ਵੱਡੀ ਪੱਧਰ ’ਤੇ ਚੈਕਿੰਗ ਕੀਤੀ ਹੈ। ਪਤਾ ਲੱਗਾ ਹੈ ਕਿ ਚੈਕਿੰਗ ਦੌਰਾਨ 121 ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਸ ਦੇ ਨਤੀਜੇ ਵਜੋਂ ਬਿਜਲੀ ਚੋਰੀ ਦੇ 32, ਅਣ-ਅਧਿਕਾਰਤ ਲੋਡ ਵਾਧੇ ਦੇ 4 ਅਤੇ ਅਣ-ਅਧਿਕਾਰਤ ਬਿਜਲੀ ਵਰਤੋਂ ਦੇ 2 ਕੇਸ ਫੜ੍ਹੇ ਗਏ। ਇਨ੍ਹਾਂ ਫੜ੍ਹੇ ਗਏ ਕੇਸਾਂ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਕਰੀਬ 26.20 ਲੱਖ ਰੁਪਇਆ ਜੁਰਮਾਨੇ ਵਜੋਂ ਵਸੂਲ ਕਰੇਗੀ। ਇਸ ਕਾਰਵਾਈ ਤੋਂ ਫੌਰੀ ਬਾਅਦ ਐਨਫੋਰਸਮੈਂਟ ਬਠਿੰਡਾ ਦੇ ਉਪ ਮੁੱਖ ਇੰਜਨੀਅਰ ਜਸਵਿੰਦਰ ਸਿੰਘ ਮਾਨ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਚੋਰੀ ਕਰਨ ਤੋਂ ਗੁਰੇਜ਼ ਅਤੇ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ। ਉਨ੍ਹਾਂ ਤਰਕ ਦਿੱਤਾ ਕਿ ਜਦੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੀਐੱਸਪੀਸੀਐੱਲ ਵੱਲੋਂ ਸਾਰੇ ਘਰੇਲੂ ਖ਼ਪਤਕਾਰਾਂ ਨੂੰ 300 ਯੂਨਿਟ/ਪ੍ਰਤੀ ਮਹੀਨਾ ਮੁਫ਼ਤ ਅਤੇ ਬਾਕੀ ਬਿਜਲੀ ਵੀ ਬਹੁਤ ਸਸਤੀਆਂ ਦਰਾਂ ’ਤੇ ਦਿੱਤੀ ਜਾ ਰਹੀ ਹੈ ਤਾਂ ਬਿਜਲੀ ਚੋਰੀ ਕਿਉਂ? ਉਨ੍ਹਾਂ ਕਿਹਾ ਕਿ ਚੋਰੀ ਦੇ ਮਾਮਲਿਆਂ ’ਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸ਼ਾਮਲ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ।