ਸਰਬਜੀਤ ਗਿੱਲ
ਫਿਲੌਰ, 22 ਜੂਨ
ਖੇਤਰ ਵਿੱਚ ਇਨ੍ਹਾਂ ਦਿਨਾਂ ਦੌਰਾਨ ਕਿਸਾਨ ਝੋਨੇ ਲਈ ਕੱਦੂ ਕਰਦੇ ਅਤੇ ਮਜ਼ਦੂਰਾਂ ਦਾ ਪ੍ਰਬੰਧ ਕਰਨ ਵਿੱਚ ਜੁਟੇ ਹੋਏ ਹਨ ਪਰ ਪਿੰਡ ਅੱਟੀ ਦੇ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਬਿਲਕੁਲ ਵਿਹਲੇ ਵਰਗੇ ਹਨ।
ਇਸ ਕਿਸਾਨ ਨੇ 30 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਜਿਸ ’ਚੋਂ ਇੱਕ ਮਰਲਾ ਵੀ ਕੱਦੂ ਨਹੀਂ ਕੀਤਾ। ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਪੰਜ ਦਿਨ ਬਾਅਦ ਪਾਣੀ ਲਗਾ ਦਿੰਦਾ ਹੈ। ਪਹਿਲੇ 20 ਦਿਨ ਤਾਂ ਆਮ ਤੌਰ ’ਤੇ ਪਾਣੀ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਪਹਿਲਾਂ ਇੱਕ ਸਪਰੇਅ ਕਰਨ ਮਗਰੋਂ ਜੇ ਜ਼ਰੂਰਤ ਪਵੇ ਤਾਂ ਨਦੀਨ ਰੋਕਣ ਲਈ ਇੱਕ ਦੋ ਸਪਰੇਆਂ ਕਰਨੀਆਂ ਪੈਂਦੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜਿਹੜਾ ਗਿਆਨ ਕਿਤਾਬਾਂ ’ਚੋਂ ਨਹੀਂ ਮਿਲਿਆ ਸਗੋਂ ਛੇ ਸਾਲ ਦੇ ਤਜਰਬੇ ਨੇ ਕਾਫੀ ਕੁੱਝ ਸਿਖਾ ਦਿੱਤਾ ਹੈ। ਜੇ ਬਿਜਾਈ ਦੀ ਡੂੰਘਾਈ ਘੱਟ ਵੱਧ ਹੋ ਜਾਵੇ ਤਾਂ ਵੀ ਝਾੜ ’ਤੇ ਅਸਰ ਪੈਂਦਾ ਹੈ।
ਗੁਰਦੇਵ ਸਿੰਘ ਨੇ ਦੱਸਿਆ ਕਿ ਰਵਾਇਤੀ ਝੋਨੇ ਦਾ ਬੂਟਾ ਵੱਡਾ ਬਣਦਾ ਹੈ ਅਤੇ ਮੁੰਜ਼ਰਾਂ ਘੱਟ ਨਿਕਲ ਦੀਆਂ ਹਨ, ਜਦੋਂ ਕਿ ਸਿੱਧੀ ਬਿਜਾਈ ਵਾਲੇ ਝੋਨੇ ਦਾ ਬੂਝਾ ਛੋਟਾ ਅਤੇ ਮੁੰਜ਼ਰਾਂ ਵੱਧ ਬਣਨ ਕਰਕੇ ਝਾੜ ਪੂਰਾ ਨਿੱਕਲਦਾ ਹੈ। ਖੇਤੀਬਾੜੀ ਵਿਭਾਗ ਦਾ ਸ਼ੁਕਰੀਆ ਅਦਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹੁਣ ਡਰਿੱਲ ਸਮੇਤ ਸਾਰੇ ਲੋੜੀਂਦੇ ਔਜ਼ਾਰ ਬਣਾ ਲਏ ਹਨ। ਅਜਿਹਾ ਕਰਨ ਨਾਲ ਪਾਣੀ ਦੀ ਬੱਚਤ ਦੇ ਨਾਲ ਨਾਲ ਹੋਰ ਖਰਚੇ ਵੀ ਕਾਫੀ ਘੱਟ ਜਾਂਦੇ ਹਨ।