ਬੰਗਲੂਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਕਿਹਾ ਕਿ ਉਸ ਨੇ ਲਗਾਤਾਰ ਤੀਜੀ ਵਾਰ ਮੁੜ ਵਰਤੋਂ ਯੋਗ ਲਾਂਚ ਵਾਹਨ (ਆਰਐੱਲਵੀ) ‘ਪੁਸ਼ਪਕ’ ਨੂੰ ਸਫਲਤਾਪੂਰਵਕ ਉਤਾਰਿਆ ਹੈ। ਇਸਰੋ ਮੁਤਾਬਕ ਇਸ ਨੇ ਵੱਧ ਚੁਣੌਤੀਪੂਰਨ ਸਥਿਤੀਆਂ ਵਿੱਚ ਆਰਐੱਲਵੀ ਨੂੰ ਉਤਾਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਮਿਸ਼ਨ ਵਿੱਚ ਪੁਲਾੜ ਤੋਂ ਪਰਤਣ ਵਾਲੇ ਪੁਲਾੜ ਵਾਹਨ ਨੂੰ ਤੇਜ਼ ਹਵਾਵਾਂ ਵਿੱਚ ਉਤਾਰਨ ਦੀ ਅਜ਼ਮਾਇਸ਼ ਕੀਤੀ ਗਈ ਜਿਸ ਨਾਲ ਪੁਲਾੜ ਏਜੰਸੀ ਦੀ ਆਰਐੱਲਵੀ ਦੇ ਵਿਕਾਸ ਲਈ ਲੋੜੀਂਦੀ ਅਹਿਮ ਤਕਨੀਕ ਨੂੰ ਹਾਸਲ ਕਰਨ ਵਿੱਚ ਮੁਹਾਰਤਾ ਨੂੰ ਬਲ ਮਿਲਿਆ ਹੈ। ਉਤਾਰਨ ਦਾ ਪ੍ਰਯੋਗ (ਐੱਲਈਐਕਸ-03) ਲੜੀ ਤਹਿਤ ਇਹ ਤੀਜੀ ਤੇ ਅੰਤਿਮ ਅਜ਼ਮਾਇਸ਼ ਕਰਨਾਟਕ ਦੇ ਚਿਤਰਦੁਰਗ ਵਿੱਚ ਏਅਰੋਨਾਟਿਕਲ ਟੈਸਟ ਰੇਂਜ (ਏਟੀਆਰ) ਤੋਂ ਭਾਰਤੀ ਸਮੇਂ ਮੁਤਾਬਕ ਸਵੇਰੇ 7.10 ਵਜੇ ਕੀਤੀ ਗਈ। ਆਰਐੱਲਵੀ ਐੱਲਈਐਕਸ-01 ਅਤੇ ਐੱਲਈਐਕਸ-02 ਮਿਸ਼ਨਾਂ ਦੀ ਸਫਲਤਾ ਮਗਰੋਂ ਇਸਰੋ ਨੇ ਬਿਆਨ ਵਿੱਚ ਕਿਹਾ ਕਿ ਆਰਐੱਲਵੀ ਐੱਲਈਐਕਸ-03 ਨੇ ਵੱਧ ਚੁਣੌਤੀਪੂਰਨ ਹਾਲਾਤ ਵਿੱਚ ਆਰਐੱਲਵੀ ਨੂੰ ਉਤਾਰਨ ਦੀ ਸਮਰੱਥਾ ਦਾ ਮੁੜ ਪ੍ਰਦਰਸ਼ਨ ਕੀਤਾ। -ਪੀਟੀਆਈ