ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੂਨ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕਈ ਵਾਅਦੇ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਵੱਡੇ ਵੱਡੇ ਬੋਰਡ ਲਾ ਕੇ ਆਪਣੀਆਂ ਉਪਲੱਬਧੀਆਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਪ੍ਰਚਾਰ ਨੂੰ ਭਵਿੱਖ ’ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ। ਲੋਕ ਸਭਾ ਚੋਣਾਂ ਵਿੱਚ ਆਪਣੇ ਕੰਮਾਂ ਦੇ ਸਿਰ ’ਤੇ ਵੋਟਾਂ ਮੰਗਣ ਵਾਲੀ ਸੂਬੇ ਦੀ ‘ਆਪ’ ਸਰਕਾਰ ਨੂੰ ਲੋਕਾਂ ਵੱਲੋਂ ਵਧੀਆ ਹੁੰਗਾਰਾ ਨਹੀਂ ਮਿਲਿਆ। ‘ਆਪ’ ਦੇ ਸਿਰਫ਼ ਤਿੰਨ ਉਮੀਦਵਾਰ ਹੀ ਲੋਕ ਸਭਾ ਚੋਣ ਜਿੱਤਣ ਵਿੱਚ ਸਫ਼ਲ ਹੋਏ ਹਨ। ਲੁਧਿਆਣਾ ਵਿੱਚ ਤਾਂ ‘ਆਪ’ ਉਮੀਦਵਾਰ, ਭਾਜਪਾ ਦੇ ਉਮੀਦਵਾਰ ਤੋਂ ਵੀ ਪਿੱਛੇ ਰਹਿ ਕੇ ਤੀਜੇ ਸਥਾਨ ’ਤੇ ਆਇਆ ਹੈ। ਲੋਕ ਸਭਾ ਚੋਣਾਂ ਕਰਕੇ ਨਗਰ ਨਿਗਮ ਦੀਆਂ ਚੋਣਾਂ ਅੱਗੇ ਪਾ ਦਿੱਤੀਆਂ ਗਈਆਂ ਸਨ। ਭਾਵੇਂ ਹਾਲੇ ਤੱਕ ਨਗਰ ਨਿਗਮ ਚੋਣਾਂ ਸਬੰਧੀ ਕੋਈ ਤਰੀਕ ਜਾਰੀ ਨਹੀਂ ਹੋਈ, ਪਰ ਸਾਰੀਆਂ ਪਾਰਟੀਆਂ ਨੇ ਆਪੋ-ਆਪਣੇ ਪੱਧਰ ’ਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ‘ਆਪ’ ਵੱਲੋਂ ਲੁਧਿਆਣਾ ਦੇ ਘੰਟਾ ਘਰ ਚੌਕ ਨੇੜੇ ਬਣੇ ਪੁਲ ਦੇ ਪਿੱਲਰਾਂ ’ਤੇ ਆਪਣੀਆਂ ਹੁਣ ਤੱਕ ਦੀਆਂ ਉਪਲੱਬਧੀਆਂ ਦੇ ਵੱਡੇ-ਵੱਡੇ ਬੋਰਡ ਲਾ ਦਿੱਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵਾਲੇ ਇਨ੍ਹਾਂ ਬੋਰਡਾਂ ’ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੀਤੀਆਂ ਗ੍ਰਿਫਤਾਰੀਆਂ, ਐਮੀਨੈਂਸ ਸਕੂਲ ਖੋਲ੍ਹਣ, ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਤੇ ਸਰਕਾਰੀ ਨੌਕਰੀਆਂ ਦੇਣ ਆਦਿ ਦੇ ਸੋਹਲੇ ਗਾਏ ਗਏ ਹਨ। ਦੂਜੇ ਪਾਸੇ ਕਾਂਗਰਸ ਵਿੱਚੋਂ ਭਾਜਪਾ ’ਚ ਗਏ ਅਤੇ ਲੋਕ ਸਭਾ ਸੀਟ ਹਾਰਨ ਦੇ ਬਾਅਦ ਵੀ ਕੇਂਦਰ ’ਚ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਮੌਕੇ ਉਨ੍ਹਾਂ ਨੂੰ ਸ਼ਹਿਰੀ ਖੇਤਰਾਂ ਵਿੱਚੋਂ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਵੱਧ ਵੋਟਾਂ ਪਈਆਂ ਸਨ ਜਿਸ ਕਰਕੇ ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਮਜ਼ਬੂਤ ਦਾਵੇਦਾਰ ਵਜੋਂ ਉੱਭਰ ਕੇ ਅੱਗੇ ਆਵੇਗੀ। ਇਸੇ ਤਰ੍ਹਾਂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਲੁਧਿਆਣਾ ਦੀਆਂ ਨਿਗਮ ਚੋਣਾਂ ’ਚ ਪਾਰਟੀ ਨੂੰ ਮਜ਼ਬੂਤੀ ਨਾਲ ਅੱਗੇ ਲਿਆਉਣ ਦੇ ਬਿਆਨ ਦੇ ਚੁੱਕੇ ਹਨ।