ਨਵੀਂ ਦਿੱਲੀ, 23 ਜੂਨ
ਅਠਾਰ੍ਹਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਵੇਗੀ ਅਤੇ 27 ਜੂਨ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਭਾਜਪਾ ਆਗੂ ਅਤੇ ਸੱਤ ਵਾਰ ਦੇ ਸੰਸਦ ਮੈਂਬਰ ਭਰਤੂਹਰੀ ਮਹਿਤਾਬ ਨੂੰ ਸੰਸਦ ਦੇ ਹੇਠਲੇ ਸਦਨ ਦਾ ਆਰਜ਼ੀ ਸਪੀਕਰ (ਪ੍ਰੋ-ਟੈੱਮ ਸਪੀਕਰ) ਨਿਯੁਕਤ ਕੀਤੇ ਜਾਣ ਕਾਰਨ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਰੌਲਾ ਪੈਣ ਦੀ ਸੰਭਾਵਨਾ ਹੈ। ‘ਇੰਡੀਆ’ ਗੱਠਜੋੜ ਦੇ ਮੈਂਬਰ ਸੋਮਵਾਰ ਸਵੇਰੇ ਪੁਰਾਣੀ ਸੰਸਦ ਦੇ ਗੇਟ ਨੰਬਰ 2 ’ਤੇ ਇਕੱਠੇ ਹੋਣਗੇ ਅਤੇ ਫੇਰ ਉਹ ਸਦਨ ਵੱਲ ਮਾਰਚ ਕਰਨਗੇ।
ਵਿਰੋਧੀ ਧਿਰ ਨੇ ਮਹਿਤਾਬ ਦੀ ਨਿਯੁਕਤੀ ਦੀ ਸਖ਼ਤ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਸਰਕਾਰ ਨੇ ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਰੇਸ਼ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਮਹਿਤਾਬ ਸੱਤ ਵਾਰ ਲੋਕ ਸਭਾ ਮੈਂਬਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਇਸ ਅਹੁਦੇ ਦੇ ਯੋਗ ਸਮਝਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੇਸ਼ 1998 ਅਤੇ 2004 ਵਿੱਚ ਚੋਣ ਹਾਰ ਗਏ ਸਨ ਜਿਸ ਕਾਰਨ ਉਨ੍ਹਾਂ ਦਾ ਲਗਾਤਾਰ ਚੌਥਾ ਕਾਰਜਕਾਲ ਹੀ ਹੈ। ਇਸ ਤੋਂ ਪਹਿਲਾਂ ਉਹ 1989, 1991, 1996 ਅਤੇ 1999 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ। ਰਾਸ਼ਟਰਪਤੀ ਦਰੋਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਮਹਿਤਾਬ ਨੂੰ ਲੋਕ ਸਭਾ ਦੇ ਆਰਜ਼ੀ ਸਪੀਕਰ ਵਜੋਂ ਸਹੁੰ ਚੁਕਾਉਣਗੇ। ਇਸ ਤੋਂ ਬਾਅਦ ਮਹਿਤਾਬ ਸਵੇਰੇ 11 ਵਜੇ ਸੰਸਦ ਭਵਨ ਪਹੁੰਚਣਗੇ ਅਤੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ। ਕਾਰਵਾਈ ਦੇ ਸ਼ੁਰੂ ਵਿੱਚ ਕੁਝ ਪਲਾਂ ਲਈ ਮੌਨ ਧਾਰਨ ਕੀਤਾ ਜਾਵੇਗਾ। ਇਸ ਮਗਰੋਂ ਲੋਕ ਸਭਾ ਦੇ ਸਕੱਤਰ ਜਨਰਲ ਉਤਪਲ ਕੁਮਾਰ ਸਿੰਘ ਹੇਠਲੇ ਸਦਨ ਲਈ ਚੁਣੇ ਗਏ ਮੈਂਬਰਾਂ ਦੀ ਸੂਚੀ ਪੇਸ਼ ਕਰਨਗੇ। ਮਹਿਤਾਬ ਲੋਕ ਸਭਾ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕਣ ਦੀ ਅਪੀਲ ਕਰਨਗੇ। ਰਾਸ਼ਟਰਪਤੀ ਨੇ ਨਵੇਂ ਚੁਣੇ ਗਏ ਲੋਕ ਸਭਾ ਮੈਂਬਰਾਂ ਨੂੰ ਸਹੁੰ ਚੁਕਾਉਣ ਵਿੱਚ ਮਹਿਤਾਬ ਦੀ ਸਹਾਇਤਾ ਲਈ ਕੋਡੀਕੁਨਿਲ ਸੁਰੇਸ਼ (ਕਾਂਗਰਸ), ਟੀਆਰ ਬਾਲੂ (ਡੀਐੱਮਕੇ), ਰਾਧਾ ਮੋਹਨ ਸਿੰਘ ਅਤੇ ਫੱਗਨ ਸਿੰਘ ਕੁਲੱਸਤੇ (ਭਾਜਪਾ) ਅਤੇ ਸੁਦੀਪ ਬੰਦੋਪਾਧਿਆਏ (ਤ੍ਰਿਣਮੂਲ ਕਾਂਗਰਸ) ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਹਲਫ਼ ਦਿਵਾਉਣ ਮਗਰੋਂ ਪ੍ਰੋ-ਟੈੱਮ ਸਪੀਕਰ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਲੋਕ ਸਭਾ ਸਪੀਕਰ ਦੇ ਅਹੁਦੇ ਲਈ ਬੁੱਧਵਾਰ ਨੂੰ ਚੋਣ ਹੋਵੇਗੀ। ਰਾਸ਼ਟਰਪਤੀ 27 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ’ਤੇ ਚਰਚਾ 28 ਜੂਨ ਨੂੰ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਵੱਲੋਂ ਇਸ ਚਰਚਾ ਦਾ ਜਵਾਬ 2 ਜਾਂ 3 ਜੁਲਾਈ ਨੂੰ ਦੇਣ ਦੀ ਉਮੀਦ ਹੈ। -ਪੀਟੀਆਈ
ਰਿਜਿਜੂ ਨੇ ਟੀਐੱਮਸੀ ਦੇ ਸੁਦੀਪ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ: ਭਾਜਪਾ ਆਗੂ ਭਰਤੂਹਰੀ ਮਹਿਤਾਬ ਨੂੰ ਪ੍ਰੋ-ਟੈੱਮ ਸਪੀਕਰ ਬਣਾਏ ਜਾਣ ’ਤੇ ਭਖੇ ਵਿਵਾਦ ਦਰਮਿਆਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਆਗੂ ਸੁਦੀਪ ਬੰਦੋਪਾਧਿਆਏ ਨਾਲ ਮੁਲਾਕਾਤ ਕੀਤੀ। ਵਿਰੋਧੀ ਧਿਰਾਂ ਦੇ ਗੱਠਜੋੜ ਨੇ ਲੋਕ ਸਭਾ ’ਚ ਚੇਅਰਪਰਸਨਾਂ ਦੀ ਕਮੇਟੀ ’ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਹੈ। ਸੁਦੀਪ ਦਾ ਨਾਮ ਵੀ ਉਸ ’ਚ ਸ਼ਾਮਲ ਹੈ। ਸੁਦੀਪ ਨੇ ਰਿਜਿਜੂ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਕਮੇਟੀ ’ਚ ਸ਼ਾਮਲ ਨਹੀਂ ਹੋਣਗੇ। ਕਾਂਗਰਸ ਨੇ ਭਾਜਪਾ ’ਤੇ ਐਤਵਾਰ ਨੂੰ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਹੁਕਮਰਾਨ ਪਾਰਟੀ ਦਲਿਤ ਵਿਰੋਧੀ ਹੈ। ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਨੇ ਆਪਣੇ ਸੰਸਦ ਮੈਂਬਰ ਰਮੇਸ਼ ਚਨਦੱਪਾ ਜਿਗਾਜਿਨਾਗੀ ਨੂੰ ਪ੍ਰੋ-ਟੈੱਮ ਸਪੀਕਰ ਦੇ ਅਹੁਦੇ ਲਈ ਕਿਉਂ ਨਹੀਂ ਚੁਣਿਆ ਜੋ ਲਗਾਤਾਰ ਸੱਤਵੀਂ ਵਾਰ ਲੋਕ ਸਭਾ ਲਈ ਚੁਣਿਆ ਗਿਆ ਹੈ। ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਫਿਰ ਤਾਂ ਕਾਂਗਰਸ ਨੂੰ ਕੇ. ਸੁਰੇਸ਼ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣਾ ਚਾਹੀਦਾ ਹੈ। -ਪੀਟੀਆਈ