ਲਖਨਊ, 23 ਜੂਨ
ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣੇ ਪਿਛਲੇ ਫ਼ੈਸਲੇ ਨੂੰ ਪਲਟਦਿਆਂ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਮੁੜ ਆਪਣਾ ਜਾਨਸ਼ੀਨ ਐਲਾਨਿਆ ਹੈ ਅਤੇ ਉਨ੍ਹਾਂ ਨੂੰ ਮੁੜ ਪਾਰਟੀ ਦਾ ਕੌਮੀ ਕਨਵੀਨਰ ਵੀ ਬਣਾ ਦਿੱਤਾ ਹੈ। ਇਹ ਫ਼ੈਸਲਾ ਬਸਪਾ ਦੀ ਅੱਜ ਇੱਥੇ ਪਾਰਟੀ ਦੇ ਸੂਬਾਈ ਦਫ਼ਤਰ ਵਿੱਚ ਹੋਈ ਕੌਮੀ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਲੋਕ ਸਭਾ ਚੋਣਾਂ ਦੇ ਅੱਧ-ਵਿਚਾਲੇ 7 ਮਈ ਨੂੰ ਆਕਾਸ਼ ਨੂੰ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਨਾ ਹੋਣ ਦਾ ਹਵਾਲਾ ਦੇ ਕੇ ਪਾਰਟੀ ਅਹੁਦੇ ਤੋਂ ਹਟਾ ਦਿੱਤਾ ਸੀ।
ਪਾਰਟੀ ਨੇ ਬਿਆਨ ਵਿੱਚ ਕਿਹਾ ਕਿ ਆਕਾਸ਼ ਨੂੰ ਪਿਛਲੀਆਂ ਜ਼ਿੰਮੇਵਾਰੀਆਂ ਮੁੜ ਸੌਂਪੀਆਂ ਗਈਆਂ ਹਨ। ਬਿਆਨ ਮੁਤਾਬਕ, ‘‘ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਪਾਰਟੀ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਦਾ ਇੱਕ ਵਾਰ ਹੋਰ ਮੌਕਾ ਦਿੱਤਾ ਹੈ। ਉਹ ਪਾਰਟੀ ਦੀਆਂ ਆਪਣੀਆਂ ਪਿਛਲੀਆਂ ਸਾਰੀਆਂ ਜ਼ਿੰਮੇਵਾਰੀਆਂ ਪਹਿਲਾਂ ਵਾਂਗ ਜਾਰੀ ਰੱਖਣਗੇ। ਭਾਵ ਉਹ ਪਾਰਟੀ ਦੇ ਕੌਮੀ ਕੋਆਰਡੀਨੇਟਰ ਦੇ ਨਾਲ-ਨਾਲ ਮਾਇਆਵਤੀ ਦੇ ਇਕਲੌਤੇ ਉਤਰਾਧਿਕਾਰੀ ਬਣੇ ਰਹਿਣਗੇ।’’
ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਇੱਕ ‘ਪ੍ਰੋੜ੍ਹ ਤੇ ਪਰਪੱਕ’ ਨੇਤਾ ਬਣ ਕੇ ਉਭਰੇਗਾ। ਉਨ੍ਹਾਂ ਬਿਆਨ ਵਿੱਚ ਕਿਹਾ, ‘‘ਮੈਨੂੰ ਉਨ੍ਹਾਂ (ਆਕਾਸ਼ ਆਨੰਦ) ਤੋਂ ਪੂਰੀ ਉਮੀਦ ਹੈ ਕਿ ਹੁਣ ਉਹ ਆਪਣੀ ਪਾਰਟੀ ਅਤੇ ਅੰਦੋਲਨ ਦੇ ਹਿੱਤਾਂ ਵਿੱਚ ਪੂਰੇ ਜ਼ਿੰਮੇਵਾਰ ਆਗੂ ਬਣ ਕੇ ਉਭਰਨਗੇ। ਪਾਰਟੀ ਦੇ ਲੋਕ ਵੀ ਹੁਣ ਪਹਿਲਾਂ ਨਾਲੋਂ ਵੱਧ ਮਾਣ-ਸਨਮਾਨ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਉਣਗੇ।’’ ਬਸਪਾ ਪ੍ਰਧਾਨ ਨੇ ਆਕਾਸ਼ ਆਨੰਦ ਨੂੰ ਪਿਛਲੇ ਸਾਲ ਦਸੰਬਰ ਵਿੱਚ ਆਪਣਾ ‘ਉਤਰਾਧਿਕਾਰੀ’ ਐਲਾਨਿਆ ਸੀ। ਉਨ੍ਹਾਂ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਮਗਰੋਂ ਆਪਣਾ ਫ਼ੈਸਲਾ ਵਾਪਸ ਲੈ ਲਿਆ ਸੀ। -ਪੀਟੀਆਈ