ਗੁਰਬਖਸ਼ਪੁਰੀ
ਤਰਨ ਤਾਰਨ, 23 ਜੂਨ
ਪਿੰਡ ਢੋਟੀਆਂ ਅਤੇ ਨਾਲ ਲੱਗਦੇ 15 ਦੇ ਕਰੀਬ ਪਿੰਡਾਂ ਦੇ ਕਿਸਾਨਾਂ ਵੱਲੋਂ ਖੇਤਾਂ ਤੱਕ ਨਹਿਰੀ ਪਾਣੀ ਨਾ ਆਉਣ ਕਾਰਨ ਡੁੱਗਰੀ ਪਿੰਡ ਦੇ ਪੁਲ ’ਤੇ ਧਰਨਾ ਦਿੱਤਾ ਗਿਆ| ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਆਗੂ ਕੁਲਵੰਤ ਸਿੰਘ ਢੋਟੀਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਨੇ 11 ਜੂਨ ਤੱਕ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦਾ ਐਲਾਨ ਕੀਤਾ ਸੀ ਜਿਹੜਾ ਅਜੇ ਤੱਕ ਵੀ ਨਹੀਂ ਪਹੁੰਚਿਆ| ਕਿਸਾਨ ਆਗੂ ਕੁਲਵੰਤ ਸਿੰਘ ਢੋਟੀਆਂ ਨੇ ਕਿਹਾ ਕਿ ਇਲਾਕੇ ਅੰਦਰ ਢੋਟੀਆਂ, ਰੱਖਸ਼ੇਰੋਂ, ਲਾਲਪੁਰਾ, ਵਾਰਾਣਾ, ਡੁੱਗਰੀ, ਜੱਟਾ, ਜਵੰਦਾ, ਚੰਬਲ ਆਦਿ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਅਤੇ ਕਈ ਵਾਰ ਆਉਂਦਾ ਪਾਣੀ ਪੂਰਾ ਨਾ ਆਉਣ ਕਰਕੇ ਵੀ ਇਲਾਕੇ ਦੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਸਬੰਧੀ ਸਿੰਜਾਈ ਵਿਭਾਗ ਦੇ ਐੱਸਡੀਓ ਅਵਤਾਰ ਸਿੰਘ ਨੇ ਭਰੋਸਾ ਦਿੱਤਾ ਕਿ ਇਲਾਕੇ ਅੰਦਰ ਨਹਿਰਾਂ, ਰਜਬਾਹਿਆਂ ਤੇ ਖਾਲਾਂ ਆਦਿ ਦੀ ਸਫਾਈ ਦਾ ਕੰਮ ਮੁਕੰਮਲ ਕਰਕੇ 26 ਜੂਨ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇਗਾ| ਵਿਭਾਗ ਦੇ ਅਧਿਕਾਰੀ ਅਵਤਾਰ ਸਿੰਘ ਨੇ ਕਿਹਾ ਕਿ 26 ਜੂਨ ਤੱਕ ਇਲਾਕੇ ਅੰਦਰ ਨਹਿਰੀ ਪਾਣੀ ਪੁੱਜਦਾ ਕਰ ਦਿੱਤਾ ਜਾਵੇਗਾ| ਅਧਿਕਾਰੀ ਨੇ ਕਿਹਾ ਕਿ ਇਲਾਕੇ ਅੰਦਰ ਨਹਿਰੀ ਪਾਣੀ ਦੀ ਚੋਰੀ ਹੋਣ ਕਰਕੇ ਵੀ ਕਈ ਵਾਰ ਟੇਲ ਦੇ ਪਿੰਡਾਂ ਨੂੰ ਪੂਰਾ ਪਾਣੀ ਨਹੀਂ ਮਿਲਦਾ|