ਚਰਨਜੀਤ ਭੁੱਲਰ
ਚੰਡੀਗੜ੍ਹ, 24 ਜੂਨ
ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਵਿੱਚ ਕਰੀਬ ਦੋ ਲੱਖ ਵੋਟਰ ‘ਗ਼ੈਰਹਾਜ਼ਰ’ ਅਤੇ ‘ਲਾਪਤਾ’ ਪਾਏ ਗਏ ਜਦਕਿ ਕਰੀਬ ਦੋ ਲੱਖ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਹੀ ਜਹਾਨੋਂ ਕੂਚ ਕਰ ਚੁੱਕੇ ਸਨ। ਚੋਣ ਕਮਿਸ਼ਨ ਤਹਿਤ ਕੰਮ ਕਰਦੇ ਬਲਾਕ ਲੈਵਲ ਅਫ਼ਸਰਾਂ (ਬੀਐੱਲਓਜ਼) ਵੱਲੋਂ ਪੰਜਾਬ ’ਚ ਲੋਕ ਸਭਾ ਚੋਣਾਂ ਵਾਲੇ ਦਿਨ ਪਹਿਲੀ ਜੂਨ ਤੋਂ ਐਨ ਪਹਿਲਾਂ ਸਰਵੇ ਕੀਤਾ ਗਿਆ ਸੀ ਜਿਸ ’ਚ ਉਪਰੋਕਤ ਖ਼ੁਲਾਸਾ ਹੋਇਆ ਹੈ। ਚੋਣ ਕਮਿਸ਼ਨ ਵੱਲੋਂ ਜੋ ਵੋਟਰ ਸੂਚੀ ਦੀ ਆਖ਼ਰੀ ਪ੍ਰਕਾਸ਼ਨਾ ਕੀਤੀ ਗਈ ਸੀ, ਉਸ ਵਿਚ ਇਨ੍ਹਾਂ ਮ੍ਰਿਤਕ ਤੇ ਗ਼ੈਰਹਾਜ਼ਰ ਵੋਟਰਾਂ ਕੋਲ ਵੋਟ ਦਾ ਹੱਕ ਸੀ।
ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਇਨ੍ਹਾਂ ਗ਼ੈਰਹਾਜ਼ਰ ਅਤੇ ਮ੍ਰਿਤਕ ਵੋਟਰਾਂ ਦੀ ਵੋਟ ਦਾ ਭੁਗਤਾਨ ਹੋਇਆ ਹੈ ਜਾਂ ਨਹੀਂ, ਇਸ ਬਾਰੇ ਸਰਵੇ ਖ਼ਾਮੋਸ਼ ਹੈ। ਹੁਣ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਹੋ ਰਹੀ ਹੈ ਜਿੱਥੇ ਲੋਕ ਸਭਾ ਚੋਣਾਂ ਵਿੱਚ 3824 ਅਜਿਹੇ ਵੋਟਰ ਸ਼ਨਾਖ਼ਤ ਹੋਏ ਹਨ ਜਿਨ੍ਹਾਂ ’ਚੋਂ 1493 ਵੋਟਰਾਂ ਦੀ ਮੌਤ ਹੋ ਚੁੱਕੀ ਹੈ, 1009 ਵੋਟਰ ਗ਼ੈਰਹਾਜ਼ਰ ਪਾਏ ਗਏ ਅਤੇ 1322 ਸ਼ਿਫ਼ਟ ਹੋ ਚੁੱਕੇ ਹਨ। ਹੁਣ ਜਦੋਂ ਵੋਟਰ ਸੂਚੀ ਦੀ ਸੁਧਾਈ ਹੋਵੇਗੀ ਤਾਂ ਇਨ੍ਹਾਂ ਉਪਰੋਕਤ ਵੋਟਰਾਂ ਨੂੰ ਡਿਲੀਟ ਕੀਤਾ ਜਾਵੇਗਾ।
ਚੋਣਾਂ ਤੋਂ ਪਹਿਲਾਂ ਵਾਲੇ ਚਾਰ ਮਹੀਨਿਆਂ ਦੌਰਾਨ ਇਨ੍ਹਾਂ ਵੋਟਰਾਂ ਦੇ ਗ਼ੈਰਹਾਜ਼ਰ, ਸ਼ਿਫ਼ਟ ਅਤੇ ਮੌਤ ਹੋਣ ਦੀ ਕੋਈ ਖ਼ਬਰ ਨਹੀਂ ਸੀ। ਚੋਣ ਕਮਿਸ਼ਨ ਅਨੁਸਾਰ ਵੋਟਾਂ ਵਾਲੇ ਦਿਨ ਤੋਂ ਐਨ ਪਹਿਲਾਂ 1.13 ਲੱਖ ਵੋਟਰ ਗ਼ੈਰਹਾਜ਼ਰ ਮਿਲੇ ਜਦਕਿ 1.96 ਲੱਖ ਵੋਟਰ ਮ੍ਰਿਤਕ ਪਾਏ ਗਏ। ਇਸੇ ਤਰ੍ਹਾਂ 83,854 ਵੋਟਰ ਆਪਣੇ ਟਿਕਾਣਿਆਂ ਤੋਂ ਸ਼ਿਫ਼ਟ ਹੋ ਚੁੱਕੇ ਸਨ। ਪੰਜਾਬ ਦੇ ਕੁੱਲ ਵੋਟਰਾਂ ਦੀ ਗਿਣਤੀ ਦਾ 1.92 ਫ਼ੀਸਦੀ ਜੋ ਕਿ 4.11 ਲੱਖ ਬਣਦੀ ਹੈ, ’ਤੇ ਉਂਗਲ ਉੱਠੀ ਹੈ।
ਸੂਤਰ ਆਖਦੇ ਹਨ ਕਿ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿਚ ਦਰਜ ਹੈ ਪਰ ਅਸਲ ਵਿਚ ਉਹ ਫ਼ੌਤ ਹੋ ਚੁੱਕੇ ਹਨ, ਤਾਂ ਉਨ੍ਹਾਂ ਦਾ ਨਾਮ ਕਿਉਂ ਨਹੀਂ ਕੱਟਿਆ ਗਿਆ। ਚੋਣ ਕਮਿਸ਼ਨ ਦੇ ਅਧਿਕਾਰੀ ਆਖਦੇ ਹਨ ਕਿ ਅਸਲ ਵਿਚ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਣ ਮਗਰੋਂ ਹੀ ਅਜਿਹੇ ਤੱਥ ਸਾਹਮਣੇ ਆਏ ਸਨ। ਹੁਣ ਇਨ੍ਹਾਂ ਵੋਟਾਂ ਨੂੰ ਕੱਟਿਆ ਜਾਵੇਗਾ। ਪੰਜਾਬ ਦਾ ਬਲਾਚੌਰ ਹਲਕਾ ਅਜਿਹਾ ਹੈ ਜਿੱਥੇ ਸਭ ਤੋਂ ਵੱਧ ਅਜਿਹੇ 8.67 ਫ਼ੀਸਦੀ ਵੋਟਰ ਸ਼ਨਾਖ਼ਤ ਹੋਏ ਹਨ। ਇਸ ਹਲਕੇ ’ਚੋਂ 10,684 ਵੋਟਰ ਗ਼ੈਰਹਾਜ਼ਰ ਪਏ ਗਏ ਹਨ ਜਦਕਿ 1877 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਦੂਜੇ ਨੰਬਰ ’ਤੇ ਹਲਕਾ ਲੁਧਿਆਣਾ (ਦੱਖਣੀ) ਹੈ ਜਿੱਥੇ 7182 ਵੋਟਰ ਗ਼ੈਰਹਾਜ਼ਰ ਲੱਭੇ ਹਨ ਜਦਕਿ 3729 ਵੋਟਰ ਆਪਣੇ ਟਿਕਾਣਿਆਂ ਤੋਂ ਸ਼ਿਫ਼ਟ ਹੋ ਚੁੱਕੇ ਹਨ। ਇਸੇ ਤਰ੍ਹਾਂ ਆਦਮਪੁਰ ਹਲਕੇ ਵਿਚ 5.03 ਫ਼ੀਸਦੀ, ਫਿਲੌਰ ਵਿਚ 6.30 ਫ਼ੀਸਦੀ, ਅੰਮ੍ਰਿਤਸਰ (ਦੱਖਣੀ) ਵਿਚ 5.87 ਫ਼ੀਸਦੀ ਅਜਿਹੇ ਵੋਟਰ ਸ਼ਨਾਖ਼ਤ ਹੋਏ ਹਨ। ਫ਼ੌਤ ਹੋਏ ਵੋਟਰ ਦੇਖੀਏ ਤਾਂ ਪੰਜਾਬ ’ਚੋਂ ਖੇਮਕਰਨ ਅਜਿਹਾ ਹਲਕਾ ਹੈ ਜਿੱਥੇ ਵੋਟਰ ਸੂਚੀ ਵਿਚਲੇ 4892 ਵਿਅਕਤੀ ਮ੍ਰਿਤਕ ਪਾਏ ਗਏ ਹਨ ਜਦਕਿ ਸਨੌਰ ਹਲਕੇ ’ਚ ਫ਼ੌਤ ਹੋਏ 4490 ਵੋਟਰ ਸ਼ਨਾਖ਼ਤ ਹੋਏ ਹਨ। ਜਿਨ੍ਹਾਂ ਵੋਟਰਾਂ ਦੇ ਟਿਕਾਣੇ ਨਹੀਂ ਲੱਭੇ ਨਹੀਂ, ਉਨ੍ਹਾਂ ਵਿਚ ਅੰਮ੍ਰਿਤਸਰ (ਦੱਖਣੀ) ’ਚ ਸਭ ਤੋਂ ਜ਼ਿਆਦਾ 5146 ਵੋਟਰ ਗ਼ਾਇਬ ਮਿਲੇ ਹਨ ਜਦਕਿ ਬਠਿੰਡਾ ਸ਼ਹਿਰੀ ਵਿਚ 3575 ਵੋਟਰਾਂ ਦੇ ਟਿਕਾਣੇ ਲਾਪਤਾ ਮਿਲੇ ਹਨ। ਪਹਿਲੀ ਵਾਰ ਹੈ ਕਿ ਬੀਐਲਓਜ਼ ਨੇ ਸਰਵੇ ਕਰਕੇ ਅਜਿਹੇ ਵੋਟਰਾਂ ਦੀ ਸ਼ਨਾਖ਼ਤ ਕੀਤੀ ਹੈ। ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਵੱਲੋਂ ਜੋ 100 ਸਾਲ ਤੋਂ ਜ਼ਿਆਦਾ ਉਮਰ ਦੇ ਵੋਟਰਾਂ ਦੀ ਨਿਸ਼ਾਨਦੇਹੀ ਕੀਤੀ ਸੀ, ਉਨ੍ਹਾਂ ’ਚੋਂ ਬਹੁਤੇ ਵੋਟਾਂ ਵਾਲੇ ਦਿਨ ਤੱਕ ਫ਼ੌਤ ਹੋ ਚੁੱਕੇ ਸਨ।