ਬਟਾਲਾ (ਨਿੱਜੀ ਪੱਤਰ ਪ੍ਰੇਰਕ): ਪੀਏਸੀ ਮੱਤੇਵਾੜਾ ਅਤੇ ਬਟਾਲਾ ਦੇ ਵਾਤਾਵਰਨ ਕਾਰਕੁਨਾਂ ਦੇ ਸਾਂਝੇ ਉਦਮ ਨਾਲ ਗੁਰਦੁਆਰਾ ਸਾਹਿਬ ਵਿੱਚ ਇਕੱਠ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਵਾਤਾਵਰਨ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਚਰਚਾ ਕੀਤੀ ਗਈ। ਇਸੇ ਤਰ੍ਹਾਂ ਬੁਲਾਰਿਆਂ ਨੇ ਬਟਾਲਾ ਦੇ ਨਾਕਸ ਕੂੜਾ ਪ੍ਰਬੰਧਨ ਖ਼ਿਲਾਫ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਚੱਲ ਰਹੇ ਕੇਸ ਸਬੰਧੀ ਚਰਚਾ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਬਟਾਲਾ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਅਤੇ ਪਿਛਲੇ ਦਿਨੀਂ ਗੰਦਗੀ ਤੇ ਮੱਛਰਾਂ ਕਾਰਨ ਸ਼ਹਿਰ ਵਿੱਚ ਫੈਲੇ ਬੁਖਾਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਬਟਾਲਾ ਨਗਰ ਨਿਗਮ ਤੇ ਪ੍ਰਸ਼ਾਸਨ ਦੀ ਨਾ-ਅਹਲੀਅਤ ਤੇ ਅੜ੍ਹਿਕਾ-ਪਾਊ ਵਤੀਰੇ ਦੀ ਆਲੋਚਨਾ ਕੀਤੀ। ਇਸ ਇਕੱਠ ਮਾਝੇ ਤੋਂ ਇਲਾਵਾ ਹੁਸ਼ਿਆਰਪੁਰ, ਜਲੰਧਰ, ਤੇ ਲੁਧਿਆਣਾਂ ਤੋਂ ਵਾਤਾਵਰਨ ਕਾਰਕੁਨਾਂ ਨੇ ਸ਼ਿਰਕਤ ਕੀਤੀ ਤੇ ਆਪਣੇ ਆਪਣੇ ਇਲਾਕਿਆਂ ਵਿੱਚ ਦਰਪੇਸ਼ ਮਸਲੇ ਸਬੰਧੀ ਚਰਚਾ ਕੀਤੀ। ਸਮੂਹ ਬੁਲਾਰਿਆਂ ਨੇ ਮੱਤੇਵਾੜਾ ਦੀ ਟੀਮ ਵੱਲੋਂ ਇਨ੍ਹਾਂ ਲੜਾਈਆਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਮੀਟਿੰਗ ਵਿੱਚ ਇਤਿਹਾਸਿਕ, ਧਾਰਮਿਕ ਤੇ ਵਾਤਾਵਰਨ ਪੱਖੋਂ ਅਹਿਮੀਅਤ ਰੱਖਣ ਵਾਲੀ ਕਾਹਨੂੰਵਾਨ ਦੀ ਛੰਬ ਵਿੱਚ ਵੀ ਕੂੜਾ ਸੁੱਟਣ ਤੇ ਸਾੜਨ ਦਾ ਮਸਲਾ ਵੀ ਵਿਚਾਰਿਆ ਗਿਆ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੀਏਸੀ ਮੱਤੇਵਾੜਾ ਵੱਲੋਂ ਜਸਕੀਰਤ ਸਿੰਘ, ਡਾ. ਅਮਨਦੀਪ ਸਿੰਘ ਬੈਂਸ, ਪਰਮਸੁਨੀਲ ਬਟਾਲਾ, ਕਪਿਲ ਅਰੋੜਾ ਲੁਧਿਆਣਾ ਤੋਂ ਡਾ. ਨਵਨੀਤ ਭੁੱਲਰ ਜਲੰਧਰ ਅਤੇ ਜਗਦੀਸ਼ ਸਿੰਘ ਰਾਜਾ ਉਚੇਚੇ ਤੌਰ ’ਤੇ ਸ਼ਾਮਲ ਹੋਏ।