ਪਟਨਾ, 24 ਜੂਨ
ਨੀਟ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਇੱਕ-ਦੂਜੇ ’ਤੇ ਦੋਸ਼ ਲਾਉਣ ਦੀ ਚੱਲ ਰਹੀ ਸਿਆਸਤ ਨੇ ਅੱਜ ਉਸ ਸਮੇਂ ਇੱਕ ਹੋਰ ਮੋੜ ਲੈ ਲਿਆ ਜਦੋਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਇਸ ਕੇਸ ਦੇ ਮੁਲਜ਼ਮ ਸੰਜੀਵ ਮੁਖੀਆ ਦੀ ਪਤਨੀ ਦੀਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐੱਨਡੀਏ ਦੇ ਹੋਰ ਆਗੂਆਂ ਨਾਲ ਤਸਵੀਰਾਂ ਵਾਇਰਲ ਕਰ ਦਿੱਤੀਆਂ। ਉਧਰ, ਬਿਹਾਰ ਦੇ ਉਪ ਮੁੱਖ ਮੰਤਰੀ ਵਿਜੈ ਸਿਨਹਾ ਵੱਲੋਂ 20 ਜੂਨ ਨੂੰ ਤੇਜਸਵੀ ਯਾਦਵ ਦੇ ਨਿੱਜੀ ਸਕੱਤਰ ਪ੍ਰੀਤਮ ਕੁਮਾਰ ਨੂੰ ਨੀਟ ਪ੍ਰਸ਼ਨ ਪੱਤਰ ਲੀਕ ਨਾਲ ਜੋੜੇ ਜਾਣ ਮਗਰੋਂ ਆਰਜੇਡੀ ਵੀ ਨਿਸ਼ਾਨੇ ’ਤੇ ਹੈ। ਵਿਜੈ ਸਿਨਹਾ ਨੇ ਦੋਸ਼ ਲਾਇਆ ਸੀ ਕਿ ਪ੍ਰੀਤਮ ਕੁਮਾਰ ਨੇ ਨੀਟ ਕੇਸ ਦੇ ਮੁੱਖ ਮੁਲਜ਼ਮ ਸਿਕੰਦਰ ਕੁਮਾਰ ਯਾਦਵੇਂਦੂ ਲਈ ਕਮਰਾ ਬੁੱਕ ਕਰਵਾਇਆ ਸੀ।
ਅੱਜ ਜਿਵੇਂ ਹੀ ਨੀਟ ਕੇਸ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਗਈ ਤਾਂ ਆਰਜੇਡੀ ਨੇ ਸੰਜੀਵ ਦੀ ਪਤਨੀ ਮਮਤਾ ਦੇਵੀ ਨਾਲ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੈਬਨਿਟ ਮੰਤਰੀ ਸ਼ਰਵਣ ਕੁਮਾਰ, ਜੇਡੀ (ਯੂ) ਵਿਧਾਨ ਪਰਿਸ਼ਦ ਮੈਂਬਰ ਨੀਰਜ ਕੁਮਾਰ ਅਤੇ ਹੋਰ ਆਗੂਆਂ ਦੀਆਂ ਤਸੀਵਰਾਂ ਆਪਣੇ ਅਧਿਕਾਰਿਤ ‘ਐਕਸ’ ਅਕਾਊਂਟ ’ਤੇ ਅਪਲੋਡ ਕਰ ਦਿੱਤੀਆਂ। ਇਹ ਤਸਵੀਰਾਂ ਸਾਂਝੀਆਂ ਕਰਨ ਦੇ ਨਾਲ ਹੀ ਆਰਜੇਡੀ ਨੇ ਸਵਾਲ ਉਠਾਇਆ, ‘‘ਨੀਟ ਪ੍ਰਸ਼ਨ ਪੱਤਰ ਲੀਕ ਕੇਸ ਦੇ ਮੁੱਖ ਸਰਗਨਾ ਸੰਜੀਵ ਮੁਖੀਆ ਨੂੰ ਕੌਣ ਬਚਾਅ ਰਿਹਾ ਹੈ? ਕੀ ਇਹ ਸੱਚ ਨਹੀਂ ਕਿ ਸੰਜੀਵ ਮੁਖੀਆ ਦੀ ਪਤਨੀ ਮਮਤਾ ਦੇਵੀ ਨੇ ਐਨਡੀਏ ਦੀ ਟਿਕਟ ’ਤੇ ਚੋਣ ਲੜੀ ਸੀ ਅਤੇ ਇਹ ਜੇਡੀ(ਯੂ) ਦੀ ਆਗੂ ਹੈ?’’ ਉਨ੍ਹਾਂ ਕਿਹਾ ‘‘ਕੀ ਇਹ ਸੱਚ ਨਹੀਂ ਕਿ ਸੰਜੀਵ ਮੁਖੀਆ ਦੇ ਪਰਿਵਾਰ ਦੀ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਸਿੱਧੀ ਪਹੁੰਚ ਹੈ ਅਤੇ ਇਹ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਇੱਕ ਅਸਰ-ਰਸੂਖ਼ ਵਾਲੇ ਸਥਾਨਕ ਮੰਤਰੀ ਦੇ ਨਜ਼ਦੀਕ ਹੈ?’’ -ਆਈਏਐੱਨਐੱਸ