ਜਸਵੰਤ ਜੱਸ
ਫਰੀਦਕੋਟ, 24 ਜੂਨ
ਆਪਣੇ ਹਲਕਾ ਕੋਟਕਪੂਰਾ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਬਾਰਿਸ਼ਾਂ ਤੋਂ ਪਹਿਲਾਂ ਹੜ੍ਹਾਂ ਦੇ ਅਗੇਤੇ ਪ੍ਰਬੰਧਾਂ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਬੀਡੀਪੀਓ ਦਫਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੀਟਿੰਗ ਵਿੱਚ ਨਗਰ ਕੌਂਸਲ, ਡਰੇਨੇਜ਼ ਅਤੇ ਬਿਜਲੀ ਵਿਭਾਗਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ ਹੜ੍ਹ ਪ੍ਰਬੰਧਨ ਅਤੇ ਬਿਜਲੀ ਦੀ ਘਾਟ ਸਬੰਧੀ ਹਰ ਪਹਿਲੂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਹਦਾਇਤ ਕੀਤੀ ਕਿ ਮੀਂਹਾਂ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਅਗਾਊਂ ਪ੍ਰਬੰਧ ਹਰ ਹੀਲੇ ਮੁਕੰਮਲ ਹੋ ਜਾਣੇ ਚਾਹੀਦੇ ਹਨ। ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਨਹਿਰਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅਤੇ ਖਾਸ ਤੌਰ ’ਤੇ ਨੀਵੇਂ ਇਲਾਕੇ ਜਿੱਥੇ ਬਾਰਿਸ਼ਾਂ ਦੌਰਾਨ ਪਾਣੀ ਖੜ੍ਹਨ ਦਾ ਅੰਦੇਸ਼ਾ ਵਧੇਰੇ ਹੁੰਦਾ ਹੈ, ਅਜਿਹੇ ਇਲਾਕਿਆਂ ਵੱਲ ਖਾਸ ਤਵੱਜੋਂ ਦਿੱਤੀ ਜਾਵੇ।
ਸੰਧਵਾਂ ਨੇ ਲੋਕ ਸਮੱਸਿਆਵਾਂ ਸੁਣੀਆਂ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਬੀਡੀਪੀਓ ਦਫਤਰ ਵਿੱਚ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੇ ਰੂ-ਬ-ਰੂ ਹੋਏ। ਇਸ ਮੌਕੇ ਉਹ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣ ਕੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਫੌਰੀ ਤੌਰ ’ਤੇ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੁਝ ਕੁ ਸ਼ਿਕਾਇਤਾਂ ਅਜਿਹੀਆਂ ਸਨ, ਜਿਨ੍ਹਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਗਿਆ ਹੈ ਅਤੇ ਰਹਿੰਦਿਆਂ ਬਾਕੀਆਂ ਸ਼ਿਕਾਇਤਾਂ ਨੂੰ ਜਲਦੀ ਹੱਲ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।