ਕਰਮਜੀਤ ਸਿੰਘ ਚਿੱਲਾ
ਬਨੂੜ, 24 ਜੂਨ
ਘੱਗਰ ਦਰਿਆ ਵਿੱਚੋਂ ਪਾਣੀ ਚੁੱਕਣ ਵਾਲੇ ਦਰਜਨ ਦੇ ਕਰੀਬ ਪਿੰਡਾਂ ਦੇ ਪੰਜਾਹ ਤੋਂ ਵੱਧ ਕਿਸਾਨਾਂ ਨੇ ਅੱਜ ਦੁਪਹਿਰੇ ਛੱਤ ਬੀੜ ਨੇੜੇ ਘੱਗਰ ਦਰਿਆ ਵਿੱਚੋਂ ਬਨੂੜ ਨਹਿਰ ਨੂੰ ਛੱਡਿਆ ਜਾ ਰਿਹਾ ਪਾਣੀ ਬੰਦ ਕਰ ਦਿੱਤਾ। ਕਿਸਾਨਾਂ ਨੇ ਪਾਣੀ ਦਾ ਵਹਿਣ ਘੱਗਰ ਦਰਿਆ ਵੱਲ ਕਰ ਦਿੱਤਾ। ਕਿਸਾਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਅਤੇ ਸਿੰਜਾਈ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਿੰਜਾਈ ਵਿਭਾਗ ਨੇ ਖ਼ੁਦ ਕੀਤੇ ਸਮਝੌਤੇ ਦੀ ਉਲੰਘਣਾ ਕਰ ਕੇ ਬਨੂੜ ਨਹਿਰ ਵਿਚ ਪਾਣੀ ਛੱਡਿਆ ਤਾਂ ਉਹ ਇੱਥੇ ਪੱਕਾ ਧਰਨਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ।
ਕਿਸਾਨਾਂ ਦੀ ਅਗਵਾਈ ਕਰ ਰਹੇ ਜਸਪਾਲ ਸਿੰਘ ਬਾਸਮਾਂ, ਸਾਹਿਬ ਸਿੰਘ ਬਾਸਮਾਂ, ਊਧਮ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ ਟਿਵਾਣਾ, ਰਾਮ ਸਿੰਘ, ਮਨਜੀਤ ਸਿੰਘ, ਭੁਪਿੰਦਰ ਸਿੰਘ ਭਿੰਦਾ ਗਦਾਪੁਰ, ਬਲਵਿੰਦਰ ਸਿੰਘ ਸੰਜਰਪੁਰ, ਨੰਬਰਦਾਰ ਗੁਰਵਿੰਦਰ ਸਿੰਘ ਰਾਏਪੁਰ, ਗੁਰਚਰਨ ਸਿੰਘ ਉਕਸੀ, ਨਵਤੇਜ ਸਿੰਘ, ਪਰਮਜੀਤ ਸਿੰਘ ਸਾਦਾਪੁਰ, ਬਲਬੀਰ ਸਿੰਘ ਆਦਿ ਨੇ ਕਿਹਾ ਕਿ 3-3-2016 ਨੂੰ ਹੋਏ ਸਮਝੌਤੇ ਤਹਿਤ ਹਰ ਮਹੀਨੇ ਦੀ ਪਹਿਲੀ ਤੋਂ ਦਸ ਤਾਰੀਕ ਤੱਕ ਬਨੂੜ ਨਹਿਰ ਵਿਚ ਪਾਣੀ ਛੱਡਿਆ ਜਾਣਾ ਤੈਅ ਹੋਇਆ ਸੀ। ਬਾਕੀ ਪੂਰਾ ਮਹੀਨਾ ਘੱਗਰ ਦਰਿਆ ਵਿੱਚ ਇੰਜਣਾਂ ਲਈ ਪਾਣੀ ਛੱਡਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਨੇ ਸਮਝੌਤੇ ਦੀ ਉਲੰਘਣਾ ਕਰ ਕੇ ਪਹਿਲੀ ਤੋਂ ਦਸ ਤਾਰੀਕ ਦੀ ਥਾਂ 16-17 ਤਰੀਕ ਨੂੰ ਨਹਿਰ ਵਿੱਚ ਪਾਣੀ ਛੱਡ ਦਿੱਤਾ ਤੇ ਘੱਗਰ ਦਾ ਪਾਣੀ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ।
ਨਹਿਰ ਵਿੱਚ ਦੁਬਾਰਾ ਪਾਣੀ ਛੱਡਿਆ: ਐੱਸਡੀਓ
ਐੱਸਡੀਓ ਅਮਰਿੰਦਰ ਸਿੰਘ ਨੇ ਕਿਸਾਨਾਂ ਵੱਲੋਂ ਨਹਿਰ ਵਿਚ ਪਾਣੀ ਬੰਦ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਨਹਿਰ ਵਿੱਚ ਥੋੜ੍ਹਾ ਜਿਹਾ ਪਾਣੀ ਦੁਬਾਰਾ ਛੱਡ ਦਿੱਤਾ ਗਿਆ ਹੈ ਤੇ ਜ਼ਿਆਦਾ ਪਾਣੀ ਇੰਜਣਾਂ ਵਾਲੇ ਕਿਸਾਨਾਂ ਲਈ ਘੱਗਰ ਦਰਿਆ ਵਿੱਚ ਜਾ ਰਿਹਾ ਹੈ।
ਬਨੂੜ ਨਹਿਰ ਵਿੱਚ ਘੜਾਮਾਂ ਨੇੜੇ ਪਾੜ ਪਿਆ
ਬਨੂੜ ਨਹਿਰ ਵਿੱਚ 72 ਨੰਬਰ ਬੁਰਜੀ ਨੇੜੇ ਪਿੰਡ ਘੜਾਮਾਂ ਕੋਲ ਪਾੜ ਪੈ ਗਿਆ। ਇਸ ਨਾਲ ਨਹਿਰ ਵਿੱਚ ਪਾਣੀ ਆਉਣਾ ਬੰਦ ਹੋ ਗਿਆ। ਐੱਸਡੀਓ ਪਰਮਿੰਦਰ ਸਿੰਘ ਨੇ ਕਿਹਾ ਕਿ ਭਲਕੇ ਤੱਕ ਪਾੜ ਪੂਰ ਦਿੱਤਾ ਜਾਵੇਗਾ।