ਆਤਿਸ਼ ਗੁਪਤਾ
ਚੰਡੀਗੜ੍ਹ, 25 ਜੂਨ
ਅਠਾਰ੍ਹਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਦੇ ਦੂਜੇ ਦਿਨ ਅੱਜ ਹੇਠਲੇ ਸਦਨ ਵਿੱਚ ਪੰਜਾਬੀ ਮਾਂ-ਬੋਲੀ ਦੀ ਗੂੰਜ ਸੁਣਾਈ ਦਿੱਤੀ। ਪੰਜਾਬ ਦੇ 12 ਲੋਕ ਸਭਾ ਮੈਂਬਰਾਂ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਲੰਘੇ ਦਿਨ ਪੰਜਾਬੀ ਵਿਚ ਹਲਫ਼ ਲਿਆ ਸੀ। ਪੰਜਾਬ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਸਹੁੰ ਚੁੱਕਣ ਦੇ ਨਾਲ ਹੀ ‘ਇਨਕਲਾਬ ਜ਼ਿੰਦਾਬਾਦ, ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਵੀ ਬੁਲੰਦ ਕੀਤਾ। ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਹਲਫ਼ ਲੈਣ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਦੇ ਸੰਸਦ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਲਈ ਸੰਸਦ ਵਿੱਚ ਮੌਜੂਦ ਸਨ।
ਪੰਜਾਬੀ ਵਿੱਚ ਹਲਫ਼ ਲੈਣ ਵਾਲਿਆਂ ’ਚ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਮਲਵਿੰਦਰ ਸਿੰਘ ਕੰਗ, ਰਾਜ ਕੁਮਾਰ ਚੱਬੇਵਾਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ , ਸਰਬਜੀਤ ਸਿੰਘ ਖ਼ਾਲਸਾ, ਸੁਖਜਿੰਦਰ ਸਿੰਘ ਰੰਧਾਵਾ, ਸ਼ੇਰ ਸਿੰਘ ਘੁਬਾਇਆ, ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ ਅਤੇ ਡਾ. ਧਰਮਵੀਰ ਗਾਂਧੀ ਸ਼ਾਮਲ ਹਨ। ਲੋਕ ਸਭਾ ਵਿੱਚ ਪ੍ਰੋ-ਟੈੱਮ ਸਪੀਕਰ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦਾ ਨਾਮ ਲਿਆ, ਪਰ ਉਹ ਸੰਸਦ ਵਿੱਚ ਹਾਜ਼ਰ ਨਹੀਂ ਸਨ। ਅੰਮ੍ਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਪਤਾ ਲੱਗਿਆ ਹੈ ਕਿ ਜੇਲ੍ਹ ਪ੍ਰਸ਼ਾਸਨ ਅੰਮ੍ਰਿਤਪਾਲ ਨੂੰ ਲੋਕ ਸਭਾ ਵਿੱਚ ਲੈ ਕੇ ਨਹੀਂ ਆਇਆ। ਪਿਛਲੀ ਲੋਕ ਸਭਾ ਵਿੱਚ ਪੰਜਾਬ ਦੇ 13 ਵਿੱਚੋਂ 12 ਲੋਕ ਸਭਾ ਮੈਂਬਰਾਂ ਨੇ ਪੰਜਾਬੀ ਵਿੱਚ ਸਹੁੰ ਚੁੱਕੀ ਸੀ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਉਦੋਂ ਹਿੰਦੀ ਵਿੱਚ ਹਲਫ਼ ਲਿਆ ਸੀ। ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਂ ਬੋਲੀ ਪੰਜਾਬੀ ਵਿੱਚ ਸਹੁੰ ਚੁੱਕਣ ਤੋਂ ਬਾਅਦ ਦੇਸ਼ ਦੇ ਆਜ਼ਾਦੀ ਘੁਲਾਟੀਆਂ, ਕਿਸਾਨਾਂ ਤੇ ਜਵਾਨਾਂ ਨੂੰ ਸਿਜਦਾ ਕਰਦਿਆਂ ‘ਇਨਕਲਾਬ ਜ਼ਿੰਦਾਬਾਦ, ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਲਗਾਇਆ। ਇਸ ਤੋਂ ਇਲਾਵਾ ਵੀ ਪੰਜਾਬ ਦੇ ਕਈ ਹੋਰ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਸਹੁੰ ਚੁੱਕਣ ਤੋਂ ਬਾਅਦ ਦੇਸ਼ ਹਿੱਤ ਵਿੱਚ ਜੈਕਾਰੇ ਛੱਡੇ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ ਨਵੇਂ ਚੁਣੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਸੋਮਵਾਰ ਨੂੰ ਪੰਜਾਬੀ ਵਿੱਚ ਸਹੁੰ ਚੁੱਕੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਚੁਣ ਕੇ ਜਾਂਦੇ ਰਹੇ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਹਿੰਦੀ ਵਿੱਚ ਸਹੁੰ ਚੁੱਕਦੇ ਰਹੇ ਹਨ। 18ਵੀਂ ਲੋਕ ਸਭਾ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਸੰਸਦ ਮੈਂਬਰਾਂ ਨੇ ਪੰਜਾਬੀ ਵਿੱਚ ਸਹੁੰ ਚੁੱਕ ਕੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਹੈ।