ਲੰਡਨ, 25 ਜੂਨ
ਜਾਸੂਸੀ ਦੇ ਦੋਸ਼ਾਂ ਨੂੰ ਲੈ ਕੇ ਪਿਛਲੇ ਇਕ ਦਹਾਕੇ ਤੋਂ ਅਮਰੀਕਾ ਨੂੰ ਆਪਣੀ ਸਪੁਰਦਗੀ/ਹਵਾਲਗੀ ਖਿਲਾਫ਼ ਲੜ ਰਹੇ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਨੂੰ ਜੇਲ੍ਹ ’ਚੋਂ ਰਿਹਾਅ ਕਰ ਕੇ ਯੂਕੇ ’ਚੋਂ ਬਾਹਰ ਭੇਜ ਦਿੱਤਾ ਗਿਆ ਹੈ। ਅਸਾਂਜ ਦੀ ਰਿਹਾਈ ਤੇ ਯੂਕੇ ’ਚੋਂ ਬਾਹਰ ਭੇਜਣ ਦਾ ਅਮਲ ਅਮਰੀਕੀ ਅਥਾਰਿਟੀਜ਼ ਨਾਲ ਇਕ ਸਮਝੌਤੇ ਤਹਿਤ ਸੰਭਵ ਹੋਇਆ ਹੈ। ਸਮਝੌਤੇ ਮੁਤਾਬਕ ਅਸਾਂਜ ਆਪਣੇ ’ਤੇ ਲੱਗੇ ਜਾਸੂਸੀ ਦੇ ਦੋਸ਼ਾਂ ਨੂੰ ਕਬੂਲ ਕਰੇਗਾ। ਅਸਾਂਜ (52), ਜੋ ਆਸਟਰੇਲੀਅਨ ਨਾਗਰਿਕ ਹੈ, 2019 ਤੋਂ ਲੰਡਨ ਦੀ ਉੱਚ ਸੁਰੱਖਿਆ ਵਾਲੀ ਬੈਲਮਾਰਸ਼ ਜੇਲ੍ਹ ਵਿਚ ਬੰਦ ਸੀ। ਯੂਕੇ ਪੁਲੀਸ ਨੇ ਅਸਾਂਜ ਨੂੰ ਇਕੁਆਡੋਰ ਸਫ਼ਾਰਤਖਾਨੇ ’ਚੋਂ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਉਸ ਨੇ ਸਿਆਸੀ ਸ਼ਰਨ ਲਈ ਹੋਈ ਸੀ। ਸੋਮਵਾਰ ਰਾਤ ਦਾਇਰ ਅਦਾਲਤੀ ਦਸਤਾਵੇਜ਼ਾਂ ਵਿਚ ਅਸਾਂਜ ਦੀ ਰਿਹਾਈ ਸਬੰਧੀ ਜਾਣਕਾਰੀ ਦਿੱਤੀ ਗਈ। ਨਿਆਂ ਵਿਭਾਗ ਨੇ ਅਦਾਲਤ ਵਿਚ ਦਾਇਰ ਪੱਤਰ ਵਿਚ ਕਿਹਾ ਕਿ ਅਸਾਂਜ ਅਮਰੀਕਾ ਦੇ ਅਧਿਕਾਰ ਖੇਤਰ ਵਾਲੀ ਮਾਰਿਆਨਾ ਦੀਪ ਦੀ ਸੰਘੀ ਅਦਾਲਤ ਵਿਚ ਪੇਸ਼ ਹੋ ਕੇ ਕੌਮੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਗੈਰਕਾਨੂੰਨੀ ਢੰਗ ਨਾਲ ਹਾਸਲ ਕਰਨ ਤੇ ਪ੍ਰਸਾਰਿਤ ਕਰਨ ਦੀ ਸਾਜ਼ਿਸ਼ ਘੜਨ ਨੂੰ ਲੈ ਕੇ (ਜਾਸੂਸੀ ਬਾਰੇ ਕਾਨੂੰਨ ਤਹਿਤ) ਦੋਸ਼ ਸਵੀਕਾਰ ਕਰੇਗਾ। ਮੀਡੀਆ ਰਿਪੋਰਟਾਂ ’ਚ ਅਮਰੀਕਾ ਦੇ ਨਿਆਂ ਵਿਭਾਗ ਦੇ ਪੱਤਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਅਸਾਂਜ ਆਸਟਰੇਲੀਆ ਪਰਤ ਜਾਵੇਗਾ। -ਪੀਟੀਆਈ