ਜੁਪਿੰਦਰਜੀਤ ਸਿੰਘ/ਰਾਜਮੀਤ ਸਿੰਘ
ਚੰਡੀਗੜ੍ਹ, 25 ਜੂਨ
ਸ਼੍ਰੋਮਣੀ ਅਕਾਲੀ ਦਲ ਵਿੱਚ ਬਾਗ਼ੀ ਸੁਰਾਂ ਉੱਠਣ ਤੋਂ ਕੁਝ ਘੰਟੇ ਪਹਿਲਾਂ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਦੇ ਨਾਲ ਜਾਂ ਉਨ੍ਹਾਂ ਤੋਂ ਬਗੈਰ, ਵੱਧ ਰਹੇ ਕੱਟੜਵਾਦ ਦੇ ਖਤਰੇ ਖ਼ਿਲਾਫ਼ ਪੰਜਾਬ ਲਈ ਸੁਰੱਖਿਆ ਵਾਲਵ ਹੈ। ‘ਡੀਕੋਡ ਪੰਜਾਬ’ ਸ਼ੋਅ ਵਿੱਚ ਬੋਲਦਿਆਂ ਜਾਖੜ, ਜੋ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਦੇ ਹਮਾਇਤੀ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਕਾਲੀ ਜਾਂ ਭਾਜਪਾ ਇਕੱਠੇ ਹੋਣਗੇ ਜਾਂ ਨਹੀਂ। ਉਨ੍ਹਾਂ ਕਿਹਾ, ‘‘ਅਕਾਲੀ ਦਲ ਸਿਰਫ ਖੇਤਰੀ ਪਾਰਟੀ ਨਹੀਂ ਹੈ। ਮੇਰਾ ਵਿਚਾਰ ਹੈ ਕਿ ਇੱਕ ਮਜ਼ਬੂਤ ਅਕਾਲੀ ਦਲ, ਸਿੱਖ ਪੰਥ ਦੀ ਅਤੇ ਅਕਾਲ ਤਖ਼ਤ ਦੀ ਨੁਮਾਇੰਦਗੀ ਕਰਦੀ ਸਿਆਸੀ ਸੰਸਥਾ ਹੈ।’’
ਜਾਖੜ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਜਲੰਧਰ ਵਿਚ 60 ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਖਿਲਾਫ਼ ਬਗ਼ਾਵਤ ਕੀਤੀ ਹੈ। ਹਾਲਾਂਕਿ ਸ਼ਾਮ ਸਮੇਂ ਸੁਖਬੀਰ ਬਾਦਲ ਅਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਸਾਜ਼ਿਸ਼ ਘੜੀ ਹੈ। ਉਨ੍ਹਾਂ ਕਿਹਾ ਕਿ ਬਾਗ਼ੀ ਆਗੂਆਂ ਨੂੰ ਅਕਾਲੀ ਦਲ (ਮੋਦੀ) ਕਿਹਾ ਜਾਣਾ ਚਾਹੀਦਾ ਹੈ।
ਸ੍ਰੀ ਜਾਖੜ ਨੇ ਸਵੇਰ ਵੇਲੇ ਰਿਕਾਰਡ ਕੀਤੀ ਇੰਟਰਵਿਊ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਹਾਲ ਦੀ ਘੜੀ ਭਾਜਪਾ ਅਤੇ ਅਕਾਲੀ ਦਲ ਦੇ ਇਕੱਠੇ ਹੋਣ ਬਾਰੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ, “ਸਾਡੇ ਰਾਹ ਵੱਖ ਹੋ ਗਏ ਹਨ, ਅਸੀਂ ਇੱਕ ਦੂਜੇ ਖਿਲਾਫ਼ ਚੋਣ ਲੜ ਚੁੱਕੇ ਹਾਂ। ਇਹ ਦਾਇਰੇ ਤੋਂ ਪਰੇ ਹੈ, ਮੈਂ ਭਵਿੱਖ ’ਚ ਨਹੀਂ ਦੇਖ ਸਕਦਾ, ਪਰ ਮਜ਼ਬੂਤ ਪ੍ਰਤੀਨਿਧਤਾ, ਪੰਥ ਦੀ ਮਜ਼ਬੂਤ ਸਿਆਸੀ ਨੁਮਾਇੰਦਗੀ ਅਹਿਮ ਹੈ। ਇੱਕ ਨਰਮਪੰਥੀ, ਜੋ ਖਾਸ ਤੌਰ ’ਤੇ ਅਕਾਲੀ ਦਲ ਜਾਂ ਬਾਦਲ ਸੀ, ਦੀ ਲੋੜ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕਮਜ਼ੋਰ ਪਏ ਅਕਾਲੀ ਦਲ ਵੱਲੋਂ ਪੈਦਾ ਕੀਤੇ ਖਲਾਅ ਕਾਰਨ ਪੰਜਾਬ ਵਿੱਚ ਕੱਟੜਵਾਦ ਫੈਲਾਉਣ ਦੀ ਕੋਸ਼ਿਸ਼ ਕਥਿਤ ਧਰੁਵੀਕਰਨ ਨਾਲੋਂ ਕਿਤੇ ਵੱਧ ਖ਼ਤਰਨਾਕ ਹੈ। ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਤੇ ਭਾਜਪਾ ਆਗੂਆਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਆਪਣੀ ਸਪੱਸ਼ਟ ਰਾਏ ਦਿੰਦਿਆਂ ਜਾਖੜ ਨੇ ਕਿਹਾ ਕਿ ਗਲਤੀਆਂ ਤਾਂ ਹੋਈਆਂ ਹਨ, ਪਰ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਅਖੌਤੀ ਕਿਸਾਨ ਨੇਤਾਵਾਂ ਨੂੰ ਵੀ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੈਂ ਇੱਕ ਕਿਸਾਨ ਹਾਂ। ਮੈਂ ਇੱਥੇ ਇੱਕ ਕਿਸਾਨ ਵਜੋਂ ਗੱਲ ਕਰਦਾ ਹਾਂ। ਪਰ ਸਭ ਤੋਂ ਪਹਿਲਾਂ, (ਕਿਸਾਨ ਮੁੱਦਿਆਂ ਦਾ) ਨਿਦਾਨ ਗਲਤ ਹੈ। ਅਤੇ ਜੋ ਇਲਾਜ ਤਜਵੀਜ਼ ਕੀਤਾ ਜਾ ਰਿਹਾ ਹੈ, ਉਹ ਕਿਸਾਨਾਂ ਦੀ ਸਮੱਸਿਆ ਲਈ ਨਹੀਂ ਹੈ। ਪੰਜਾਬ ਸਰਕਾਰ ਦੀਆਂ ਜ਼ਿੰਮੇਵਾਰੀਆਂ ਸਨ। ਅਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਵੀ ਅਗਿਆਨਤਾ ਸੀ।
ਉਨ੍ਹਾਂ ਨੂੰ ਕਿਸਾਨਾਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ।’’ ਜਾਖੜ ਨੇ ਕਿਹਾ, “ਇਹ ਕੱਦਾਵਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਕੰਮ ਸੀ। ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਅਤੇ ਕਾਨੂੰਨ ਜਾਂ ਖੇਤੀ ਕਾਨੂੰਨ, ਤਿਆਰ ਕਰਨ ਜਾਂ ਫਿਰ ਇਸ ਵਿਚ ਸੋਧ ਲਈ ਮਦਦ ਕਰਨੀ ਚਾਹੀਦੀ ਸੀ। ਉਨ੍ਹਾਂ ਨੂੰ ਕਿਸਾਨਾਂ ਦੀ ਸਹਿਮਤੀ ਨਾਲ ਫਾਰਮੂਲਾ ਬਣਾਉਣਾ ਚਾਹੀਦਾ ਸੀ। ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਹੱਲ ਕੱਢਿਆ ਜਾ ਸਕਦਾ ਸੀ। ਕੋਈ ਗੱਲਬਾਤ ਨਹੀਂ ਹੋਈ। ਸਬੰਧਤ ਭਾਈਵਾਲਾਂ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ।” ਉਨ੍ਹਾਂ ਕਿਹਾ ਕਿ ਅਖੌਤੀ ਕਿਸਾਨ ਆਗੂ ਮਸਲੇ ਦੀ ਪੈਰਵੀ ਨਹੀਂ ਬਲਕਿ ਇਸ ਨੂੰ ਹੋਰ ਵਿਗਾੜ ਰਹੇ ਹਨ।’’
ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਹਾਲ ਹੀ ਵਿਚ ਕੀਤੇ ਦਾਅਵੇ ਕਿ ਭਾਜਪਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਤਖ਼ਤਾ ਪਲਟਣ ਦੀਆਂ ਵਿਉਂਤਾਂ ਘੜ ਰਹੀ ਹੈ, ਬਾਰੇ ਜਾਖੜ ਨੇ ਕਿਹਾ ਕਿ ਭਾਜਪਾ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਲੋੜ ਹੈ। ਉਨ੍ਹਾਂ ਕਿਹਾ, ‘‘ਉਹ ਆਪਣੇ ਭਾਰ ਨਾਲ ਹੀ ਡਿੱਗ ਜਾਣਗੇ। ਭਗਵੰਤ ਮਾਨ ਸਰਕਾਰ ਆਪਣੇ ਗ਼ਲਤ ਕੰਮਾਂ ਤੇ ਨਾਕਾਮ ਵਾਅਦਿਆਂ ਕਰਕੇ ਖ਼ੁਦ ਬਖੁ਼ਦ ਡਿੱਗਣ ਜਾ ਰਹੀ ਹੈ। ਅਤੇ ਉਨ੍ਹਾਂ ਦੇ ਆਪਣੇ ਵਿਧਾਇਕ ਉਨ੍ਹਾਂ ਵਿਚਲੀ ਬੇਚੈਨੀ ਕਰਕੇ ਅੱਕ ਚੁੱਕੇ ਹਨ।”
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਆਪ ਨੂੰ ਭਾਜਪਾ ਤੋਂ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਭਗਵੰਤ ਮਾਨ ਜੀ ਪਾਰਟੀ ਕੇਡਰ ਨੂੰ ਯਕੀਨ ਦਿਵਾ ਸਕਦੇ ਹਨ ਕਿ ਭਾਜਪਾ ਵਾਲੇ ਪਾਸੇ ਤੋਂ ਕੁਝ ਨਹੀਂ ਹੋ ਰਿਹਾ। ਪਰ ਉਨ੍ਹਾਂ ਨੂੰ ਆਪਣੇ ਹੀ ਵਿਧਾਇਕਾਂ ਦਾ ਅਤੇ ਇਸ ਤੋਂ ਵੱਧ ਪੰਜਾਬ ਦਾ ਖਿਆਲ ਰੱਖਣਾ ਪੈਣਾ ਹੈ। ਉਹ ਮੁੱਖ ਮੰਤਰੀ ਵਜੋਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਹਨ। ਉਹ ਮੁੱਖ ਮੰਤਰੀ ਵਜੋਂ ਫੇਲ੍ਹ ਹੋ ਚੁੱਕੇ ਹਨ। ਉਹ ਅਜੇ ਵੀ ਸੋਚਦੇ ਹਨ ਕਿ ਉਹ ਆਪਣੇ ਚੁਟਕਲੇ ਅਤੇ ਟੋਟਕਿਆਂ ਨਾਲ ਲੋਕਾਂ ਨੂੰ ਭਰਮਾ ਲੈਣਗੇ, ਪਰ ਪੰਜਾਬ ਦੇ ਲੋਕ ਸ਼ਾਸਨ ਚਾਹੁੰਦੇ ਹਨ ਜੋ ਪੰਜਾਬ ਵਿੱਚ ਕਿਤੇ ਨਜ਼ਰ ਨਹੀਂ ਆਉਂਦਾ।’’