ਅੰਮ੍ਰਿਤਸਰ (ਟਨਸ): ਦਰਬਾਰ ਸਾਹਿਬ ਵਿੱਚ ਯੋਗ ਆਸਣ ਕਰਕੇ ਵਿਵਾਦ ਵਿੱਚ ਆਈ ਗੁਜਰਾਤ ਦੀ ਕੁੜੀ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲੀਸ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਅੰਮ੍ਰਿਤਸਰ ਪੁਲੀਸ ਨੇ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 295-ਏ ਹੇਠ ਕੇਸ ਦਰਜ ਕੀਤਾ ਸੀ। ਅੰਮ੍ਰਿਤਸਰ ਪੁਲੀਸ ਦੀ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਅਰਚਨਾ ਨੂੰ 30 ਜੂਨ ਤੱਕ ਅੰਮ੍ਰਿਤਸਰ ਪੁਲੀਸ ਅੱਗੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ। ਉਸ ਨੂੰ ਸੀਆਰਪੀਸੀ ਦੀ ਧਾਰਾ 41-ਏ ਤਹਿਤ ਤਲਬ ਹੋਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰੇ ਅਤੇ ਪੁਲੀਸ ਜਾਂਚ ਵਿੱਚ ਸਹਿਯੋਗ ਦੇਵੇ।